ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਿਤਾਰੇ ਗਰਦਿਸ਼ ਵਿੱਚ ਜਾਪਦੇ ਹਨ। ਬੀਤੇ ਸਮੇਂ ਵਿੱਚ ਹੋਈਆਂ ਚੋਣਾਂ ਦੇ ਅੰਕੜਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ ਲਈ 2019 ਦੀਆਂ ਆਮ ਚੋਣਾਂ ਟੇਢੀ ਖੀਰ ਸਾਬਤ ਹੋਣ ਵਾਲੀਆਂ ਹਨ। ਅੰਕੜੇ ਦੱਸਦੇ ਹਨ ਕਿ 2014 ਤੋਂ ਲੈ ਕੇ ਹੁਣ ਤਕ 23 ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਭਾਜਪਾ ਇਨ੍ਹਾਂ ਸੀਟਾਂ ਵਿੱਚੋਂ ਇੱਕ ਨਵੀਂ ਸੀਟ ਹਾਸਲ ਨਹੀਂ ਕਰ ਸਕੀ, ਸਗੋਂ ਜਿਨ੍ਹਾਂ 10 ਸੀਟਾਂ 'ਤੇ ਪਾਰਟੀ ਆਪ ਪਹਿਲਾਂ ਕਾਬਜ਼ ਸੀ, ਉਨ੍ਹਾਂ ਵਿੱਚੋਂ ਵੀ 6 ਸੀਟਾਂ ਗਵਾ ਦਿੱਤੀਆਂ।
ਸਿਰਫ਼ 'ਪੁਸ਼ਤੈਨੀ' ਸੀਟਾਂ ਹੀ ਜਿੱਤੀ ਬੀਜੇਪੀ
ਇਨ੍ਹਾਂ 23 ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਾਲ 2014 ਤੇ 2016 ਵਿੱਚ ਦੋ-ਦੋ ਸੀਟਾਂ ਜਿੱਤੀਆਂ, ਬਾਕੀ ਸਾਰੀਆਂ ਹਾਰ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਡੋਦਰਾ ਤੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਤੇ ਦੋਵਾਂ ਤੋਂ ਜਿੱਤੇ ਸਨ। ਬਾਅਦ ਵਿੱਚ ਉਨ੍ਹਾਂ ਵਡੋਦਰਾ ਦੀ ਸੀਟ ਛੱਡ ਦਿੱਤੀ ਤੇ ਉੱਥੋਂ ਬੀਜੇਪੀ ਦੇ ਡਿਪਟੀ ਮੇਅਰ ਰੰਜਨਬੇਨ ਨੇ ਜਿੱਤ ਦਰਜ ਕੀਤੀ। ਭਾਜਪਾ ਨੇ ਦੂਜੀ ਸੀਟ ਮਹਾਰਾਸ਼ਟਰ ਦੇ ਬੀੜ ਵਿੱਚ ਜਿੱਤੀ। ਇੱਥੋਂ ਬੀਜੇਪੀ ਨੇਤਾ ਗੋਪੀਨਾਥ ਮੁੰਡੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਪ੍ਰੀਤਮ ਮੁੰਡੇ ਨੇ ਜਿੱਤ ਦਰਜ ਕੀਤੀ।
ਤੀਜੀ ਸੀਟ ਅਸਾਮ ਦੇ ਲਖੀਮਪੁਰ ਵਿੱਚ ਭਾਜਪਾ ਦੀ ਜੱਦੀ ਸੀਟ 'ਤੇ ਪ੍ਰਧਾਨ ਬਰੂਆ ਨੇ ਜਿੱਤ ਦਰਜ ਕੀਤੀ। ਚੌਥੀ ਸੀਟ ਮੱਧ ਪ੍ਰਦੇਸ਼ ਦੇ ਸ਼ਹਿਡੋਲ ਦੀ ਸੀ। ਇਹ ਵੀ ਭਾਜਪਾ ਦੀ ਜੱਦੀ ਸੀਟ ਸੀ ਤੇ ਦਲਪਤ ਸਿੰਘ ਪਰਸਤੇ ਦੀ ਮੌਤ ਤੋਂ ਬਾਅਦ ਗਿਆਨ ਸਿੰਘ ਨੇ ਇੱਥੇ ਥੋੜ੍ਹੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਹ ਚਾਰੇ ਸੀਟਾਂ ਭਾਜਪਾ ਦੀਆਂ ਪੁਰਾਣੀਆਂ ਸੀਟਾਂ ਸਨ, ਜਦਕਿ 23 ਸੀਟਾਂ ਵਿੱਚ ਪਾਰਟੀ ਨੇ ਕੋਈ ਨਵੀਂ ਸੀਟ ਪ੍ਰਾਪਤ ਨਹੀਂ ਕੀਤੀ ਹੈ।
ਮੋਦੀ ਲਹਿਰ ਦੇ ਬਾਵਜੂਦ ਕਾਂਗਰਸ-ਸਪਾ ਦੇ ਗੜ੍ਹ ਵਿੱਚ ਨਹੀਂ ਦਾਖ਼ਲ ਹੋ ਸਕੀ ਬੀਜੇਪੀ
ਸਾਲ 2014 ਵਿੱਚ ਮੋਦੀ ਦੀ ਲਹਿਰ ਹੋਣ ਦੇ ਬਾਵਜੂਦ ਭਾਜਪਾ ਨੇ ਸਮਾਜਵਾਦੀ ਪਾਰਟੀ ਦੇ ਗੜ੍ਹ ਮੈਨਪੁਰੀ ਕਰਾਰੀ ਹਾਰ ਦਾ ਸਾਹਮਣਾ ਕੀਤਾ। ਇਸ ਸੀਟ 'ਤੇ ਕੇਂਦਰੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੋਣ ਪ੍ਰਚਾਰ ਕੀਤਾ ਸੀ। ਸਪਾ ਨੇਤਾ ਤੇਜ ਪ੍ਰਤਾਪ ਸਿੰਘ ਨੇ ਬੀਜੇਪੀ ਉਮੀਦਵਾਰ ਪ੍ਰੇਮ ਸਿੰਘ ਸ਼ਾਕਿਆ ਨੂੰ ਹਰਾ ਦਿੱਤਾ ਸੀ। ਇਹ ਸੀਟ ਮੁਲਾਇਮ ਸਿੰਘ ਯਾਦਵ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਸਾਲ 2015 ਵਿੱਚ ਰਤਲਾਮ-ਝਾਬੂਆ ਵਿੱਚ ਕਾਂਗਰਸ ਦੀ ਜੱਦੀ ਸੀਟ ਵਿੱਚ ਵੀ ਬੀਜੇਪੀ ਘੁਸਪੈਠ ਨਾ ਕਰ ਸਕੀ। ਹਾਲਾਂਕਿ, ਮੋਦੀ ਲਹਿਰ ਵਿੱਚ ਭਾਜਪਾ ਨੇਤਾ ਦਿਲੀਪ ਸਿੰਘ ਇੱਥੋਂ ਜਿੱਤ ਗਏ ਸਨ, ਪਰ ਉਨ੍ਹਾਂ ਦੀ ਮੌਤ ਦੇ ਬਾਅਦ ਕਾਂਗਰਸ ਦੇ ਕਾਂਤੀਲਾਲ ਭੂਰੀਆ ਨੇ ਜਿੱਤ ਦਰਜ ਕੀਤੀ ਸੀ।