ਹੈਦਰਾਬਾਦ: ਭਾਜਪਾ ਨੇਤਾ ਰਾਜਾ ਸਿੰਘ ਨੇ ਵੀਰਵਾਰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ 7 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਤੇਲੰਗਾਨਾ ‘ਚ ਜਿੱਤ ਹਾਸਲ ਕਰਦੀ ਹੈ ਤਾਂ ਉਹ ਹੈਦਰਾਬਾਦ ਦੇ ਨਾਲ ਹੋਰ ਵੀ ਕਈ ਸ਼ਹਿਰਾਂ ਦੇ ਨਾਂਅ ਬਦਲ ਦੇਣਗੇ। ਤੇਲੰਗਾਨਾ ‘ਚ 7 ਦਸੰਬਰ ਨੂੰ ਵਿਧਾਨਸਭਾ ਚੋਣਾਂ ਹਨ ਜਿਨ੍ਹਾਂ ਦੀ ਗਿਣਤੀ 11 ਦਸੰਬਰ ਨੂੰ ਹੋਣੀ ਹੈ।
ਗੋਸ਼ਮਹਲ ਸੀਟ ਤੋਂ ਭਾਜਪਾ ਵਿਧਾਇਕ ਰਾਜਾ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਹ ਕਈਂ ਸਹਿਰਾਂ ਦੇ ਨਾਂਅ ਬਦਲਣਗੇ। ਉਨ੍ਹਾਂ ਕਿਹਾ ਕਿ ਉਹ ਹੈਦਰਾਬਾਦ ਦਾ ਨਾਂਅ ਬਦਲ ਕੇ ਭਾਗਿਆਨਗਰ ਰੱਖ ਦੇਣਗੇ। ਕਿਉਂਕਿ ਇਸ ਸ਼ਹਿਰ ਦਾ ਨਾਂਅ 1590 ‘ਚ ਇਹੀ ਸੀ। ਜਿਸ ਨੂੰ ਕੁਲੀਕੁਤੁਬ ਸ਼ਾਹ ਨੇ ਬਦਲ ਕੇ ਹੈਦਰਾਬਾਦ ਕੀਤਾ ਸੀ।
ਰਾਜਾ ਸਿੰਘ ਨੇ ਕਿਹਾ ਕਿ ਉਹ ਸਿੰਕਦਰਾਬਾਦ, ਕਰੀਮਨਗਰ ਅਤੇ ਤਮਾਮ ਉਨ੍ਹਾਂ ਸ਼ਹਿਰਾਂ ਦੇ ਨਾਂਅ ਬਦਲ ਦੇਣਗੇ ਜਿਨ੍ਹਾਂ ਦੇ ਪੁਰਾਣੇ ਨਾਂਵਾਂ ਨੂੰ ਮੁਗਲਾਂ ਅਤੇ ਨਿਜ਼ਾਮਾਂ ਦੇ ਰਾਜ ਸਮੇਂ ਬਦਲ ਦਿੱਤਾ ਗਿਆ ਸੀ। ਸ਼ਹਿਰਾਂ ਦੇ ਨਾਂਅ ਬਦਲਣ ਦੀ ਕਵਾਇਤ ‘ਤੇ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਟਿੱਪਣੀ ਕਰਦੇ ਕਿਹਾ ਕਿ ਭਾਜਪਾ ਭਾਰਤ ਨੂੰ ‘ਮੁਸਲਿਮ ਮੁਕਤ’ ਦੇਸ਼ ਬਣਾਉਣਾ ਚਾਹੁੰਦੀ ਹੈ। ਓਵੈਸੀ ਹੈਦਰਾਬਾਦ ਤੋਂ ਲੋਕਸਭਾ ਮੈਂਬਰ ਹਨ।