ਨਵੀਂ ਦਿੱਲੀ: ਬੀਜੇਪੀ ਦੇ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇੰਟਰਨੈਸ਼ਨਲ ਨੰਬਰ ਤੋਂ ਫੋਨ ‘ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਗੌਤਮ ਗੰਭੀਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ ਅਤੇ ਉਹ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਪੁਲਿਸ ਤੋਂ ਖੁਦ ਦੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ।


ਗੌਤਮ ਗੰਭੀਰ ਨੇ ਸ਼ਾਹਦਰਾ ਦੇ ਡੀਸੀਪੀ ਨੂੰ ਚਿੱਠੀ ਲਿੱਖ ਸ਼ਿਕਾਇਤ ‘ਚ ਕਿਹਾ, “ਮੈਨੂੰ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰ ਲਗਾਤਾਰ ਕਤਲ ਦੀ ਧਮਕੀਆਂ ਮਿਲ ਰਹੀਆਂ ਹਨ। ਤੁਸੀਂ ਇਸ ਮਾਮਲੇ ‘ਚ ਐਫਆਈਆਰ ਦਰਜ ਕਰੋ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰੋ”।



ਦੱਸ ਦਈਏ ਕਿ ਗੰਭੀਰ ਪੂਰਬੀ ਦਿੱਲੀ ਤੋਂ ਸਾਂਸਦ ਹਨ। ਉਹ ਦੇਸ਼ ‘ਚ ਵੱਖ-ਵੱਖ ਮੁੱਦਿਆਂ ‘ਤੇ ਅਕਸਰ ਹੀ ਆਪਣੇ ਰਾਏ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਵਾਰ ਕਿਹਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।