ਸ੍ਰੀਨਗਰ: ਭਾਰਤੀ ਜਨਤਾ ਪਾਰਟੀ ਨੇ ਜੰਮੂ ਨਗਰ ਨਿਗਮ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕਸ਼ਮੀਰ ਵਿੱਚ ਕੇਂਦਰ ਵਿੱਚ ਸੱਤਾਧਿਰ ਪਾਰਟੀ ਲੀਡ 'ਤੇ ਹੈ। ਭਾਜਪਾ ਨੇ ਵਾਦੀ ਵਿੱਚ 100 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ। ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਚਾਰ ਪੜ੍ਹਾਵਾਂ ਵਿੱਚ ਹੋਈਆਂ ਸਨ। ਨੈਸ਼ਨਲ ਕਾਂਗਰਸ ਅਤੇ ਪੀਡੀਪੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ।

ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਕਸ਼ਮੀਰ 'ਚ ਆਜ਼ਾਦ ਉਮੀਦਵਾਰ ਸਭ ਤੋਂ ਵੱਡਾ ਧੜਾ ਬਣ ਕੇ ਉੱਭਰੇ। ਲੇਹ ਤੇ ਕਾਰਗਿਲ ਸਮੇਤ ਕਸ਼ਮੀਰ ਡਿਵੀਜ਼ਨ ਦੀਆਂ 42 ਮਿਉਂਸਿਪਲ ਸੰਸਥਾਵਾਂ ਵਿੱਚੋਂ 178 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਦੂਜੇ ਨੰਬਰ ’ਤੇ ਕਾਂਗਰਸ ਰਹੀ ਹੈ। ਕਾਂਗਰਸ ਨੇ 157 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ, ਜਦੋਂ ਕਿ ਭਗਵਾਂ ਪਾਰਟੀ ਨੂੰ 100 ਵਾਰਡਾਂ ਵਿੱਚ ਸਫਲਤਾ ਮਿਲੀ ਹੈ। ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਬਾਈਕਾਟ ਕਾਰਨ ਭਾਜਪਾ ਅਤੇ ਕਾਂਗਰਸ ਦੇ ਕ੍ਰਮਵਾਰ 76 ਅਤੇ 78 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ। 12 ਮਿਉਂਸਿਪਲ ਸੰਸਥਾਵਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ, ਜਦੋਂ ਕਿ 5 ਵਿੱਚ ਉਸ ਨੂੰ ਬਹੁਮਤ ਹਾਸਲ ਹੈ। 15 ਸੰਸਥਾਵਾਂ ਵਿੱਚ ਕਾਂਗਰਸ ਵੱਡੀ ਪਾਰਟੀ ਹੈ, ਜਦੋਂ ਕਿ 11 ਵਿੱਚ ਉਸ ਨੂੰ ਬਹੁਮਤ ਮਿਲਿਆ ਹੈ।

ਸ੍ਰੀਨਗਰ ਮਿਉਂਸਿਪਲ ਕਾਰਪੋਰੇਸ਼ਨ (74 ਸੀਟਾਂ) ’ਚ ਕਾਂਗਰਸ 15, ਚਾਰ ਵਿੱਚ ਭਾਜਪਾ ਅਤੇ 53 ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਕਾਰਗਿਲ ਅਤੇ ਲੇਹ ਵਿੱਚ ਭਾਜਪਾ ਖਾਤਾ ਖੋਲ੍ਹਣ ਵਿੱਚ ਅਸਫ਼ਲ ਰਹੀ। ਲੇਹ ਦੀਆਂ 13 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਹੈ ਜਦੋਂ ਕਿ ਕਾਰਗਿਲ ਵਿੱਚ ਪਾਰਟੀ ਨੂੰ ਛੇ ਸੀਟਾਂ ’ਤੇ ਜਿੱਤ ਮਿਲੀ ਹੈ।

ਜੰਮੂ ਵਿੱਚ ਕਾਂਗਰਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਥੇ ਕਾਂਗਰਸ ਨੂੰ 74 ਵਿਚੋਂ 14 ’ਤੇ ਜਿੱਤ ਮਿਲੀ ਹੈ। ਆਜ਼ਾਦ ਉਮੀਦਵਾਰ 18 ਸੀਟਾਂ ’ਤੇ ਜੇਤੂ ਰਹੇ। ਜੰਮੂ ਖਿੱਤੇ ਦੇ ਰਹਿੰਦੇ 446 ਵਾਰਡਾਂ ਵਿਚੋਂ 169 ’ਤੇ ਭਾਜਪਾ, 167 ’ਤੇ ਆਜ਼ਾਦ ਅਤੇ 96 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਹੈ।