ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਹੁਣ ‘ਬਲੈਕ ਫ਼ੰਗਸ’ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ‘ਬਲੈਕ ਫ਼ੰਗਸ’ ਦੇ ਮਾਮਲੇ ਵਧਣੇ ਜਾਰੀ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 7,251 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 219 ਮਰੀਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ‘ਬਲੈਕ ਫ਼ੰਗਸ’ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ’ਚ ਸਾਹਮਣੇ ਆਏ ਹਨ।
ਮਹਾਰਾਸ਼ਟਰ ’ਚ ‘ਬਲੈਕ ਫ਼ੰਗਸ’ ਦੇ ਹੁਣ ਤੱਕ 1,500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 90 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਗੁਜਰਾਤ ’ਚ ਸਭ ਤੋਂ ਵੱਧ 1,163 ਕੇਸ ਆਏ ਤੇ 61 ਮਰੀਜ਼ਾਂ ਦੀ ਜਾਨ ਚਲੀ ਗਈ। ਮੱਧ ਪ੍ਰਦੇਸ਼ ’ਚ ‘ਬਲੈਕ ਫ਼ੰਗਸ’ ਦੇ 575 ਕੇਸ ਆਏ ਤੇ 31 ਦੀ ਮੌਤ ਹੋ ਗਈ। ਹਰਿਆਣਾ ਅਤੇ ਦਿੱਲੀ ’ਚ ਕ੍ਰਮਵਾਰ 268 ਤੇ 203 ਕੇਸ ਆਏ ਤੇ ਕ੍ਰਮਵਾਰ 8 ਤੇ 1 ਵਿਅਕਤੀ ਦੀ ਜਾਨ ਗਈ।
ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਕਰਨਾਟਕ, ਤੇਲੰਗਾਨਾ ’ਚ 200 ਤੋਂ ਘੱਟ ਕੇਸ ਆਏ ਹਨ। ਇਨ੍ਹਾਂ ਵਿੱਚੋਂ ਤੇਲੰਗਾਨਾ ’ਚ ਸਭ ਤੋਂ ਵੱਧ 10 ਵਿਅਕਤੀਆਂ ਦੀ ਜਾਨ ਗਈ ਹੈ। ਉੱਤਰ ਪ੍ਰਦੇਸ਼ ’ਚ ਅੱਠ ਵਿਅਕਤੀ ਮਾਰੇ ਗਏ ਹਨ। ਬਿਹਾਰ ਤੇ ਛੱਤੀਸਗੜ੍ਹ ’ਚ ਦੋ ਤੇ ਇੱਕ ਵਿਅਕਤੀ ਦੀ ਜਾਨ ਗਈ ਹੈ; ਭਾਵੇਂ ਕਰਨਾਟਕ ’ਚ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੀ ਰਿਹਾ ਹੈ। ਹੁਣ ਤੱਕ ਪੰਜਾਬ, ਚੰਡੀਗੜ੍ਹ, ਆਸਾਮ, ਤੇਲੰਗਾਨਾ, ਰਾਜਸਥਾਨ, ਗੁਜਰਾਤ, ਓੜੀਸ਼ਾ ਜਿਹੇ ਰਾਜਾਂ ਨੇ ਇਸ ਬੀਮਾਰੀ ਨੂੰ ‘ਮਹਾਮਾਰੀ’ ਐਲਾਨ ਦਿੱਤਾ ਹੈ।
ਦਿੱਲੀ ਸਥਿਤ ‘ਏਮਸ’ (AIIMS) ਦੇ ਨਿਊਰੌਲੋਜੀ ਵਿਭਾਗ ਦੇ ਮੁਖੀ ਡਾਕਟਰ ਪਦਮਾ ਅਨੁਸਾਰ ‘ਬਲੈਕ ਫ਼ੰਗਸ’ ਛੂਤ ਕੋਈ ਨਵੀਂ ਬੀਮਾਰੀ ਨਹੀਂ ਹੈ। ਜਿਨ੍ਹਾਂ ਦੀ ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੈ ਜਾਂ ਜੋ ਟ੍ਰਾਂਸਪਲਾਂਟ ਦੇ ਮਰੀਜ਼ ਹਨ, ਉਨ੍ਹਾਂ ਵਿੱਚ ਇਹ ਫ਼ੰਗਸ ਇਨਫ਼ੈਕਸ਼ਨ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਨੀ ਗਿਣਤੀ ’ਚ ਫ਼ੰਗਸ ਦੀ ਇਨਫ਼ੈਕਸ਼ਨ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ, ਜਿੰਨਾ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਵੇਖੀ ਜਾ ਰਹੀ ਹੈ।
ਡਾਕਟਰ ਪਦਮਾ ਨੇ ਕਿਹਾ ਕਿ ਜੇ ਇਲਾਜ ਨਾ ਲੱਭਿਆ ਗਿਆ, ਤਾਂ 80 ਫ਼ੀ ਸਦੀ ਮਾਮਲਿਆਂ ਵਿੱਚ ਮੌਤ ਦੀ ਸੰਭਾਵਨਾ ਹੋਵੇਗੀ। ‘ਬਲੈਕ ਫ਼ੰਗਸ’ ਛੂਤ ਦੀ ਬੀਮਾਰੀ ਨਹੀਂ ਹੈ। ਇਹ ਕੋਰੋਨਾਵਾਇਰਸ ਹਵਾ ਰਾਹੀਂ ਜਾਂ ਸਾਹ ਦੇ ਬਾਰੀਕ ਕਣਾਂ ਰਾਹੀਂ ਇੱਕ-ਦੂਜੇ ਤੱਕ ਨਹੀਂ ਫੈਲਦਾ।