ਮੁੰਬਈ: ਬੀਤੇ ਦਿਨੀਂ ਕਮਲਾ ਮਿਲਸ ਕੰਪਾਊਂਡ ਵਿੱਚ ਭਿਆਨਕ ਅੱਗ ਲੱਗਣ ਕਰ ਕੇ 14 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਬੌਂਬੇ ਮਿਉਂਸੀਪਲ ਕਾਰਪੋਰੇਸ਼ਨ ਅਤੇ ਮਹਾਰਾਸ਼ਟਰ ਪੁਲਿਸ ਦੀ ਨੀਂਦ ਖੁੱਲ੍ਹੀ ਹੈ। ਬੀ.ਐੱਮ.ਸੀ. ਨੇ ਅੱਜ 6 ਹੋਟਲਾਂ ਦੇ ਨਾਜਾਇਜ਼ ਨਿਰਮਾਣ ਤੇ ਬੁਲਡੋਜ਼ਰ ਚਲਾਇਆ ਹੈ। ਕਮਲਾ ਮਿਲਜ਼ ਇਲਾਕੇ ਸਥਿਤ ਰੈਸਟੋਰੈਂਟ ਵਿੱਚ ਅੱਗ ਲੱਗਣ ਨਾਲ ਬੀਤੇ ਕੱਲ੍ਹ 14 ਲੋਕਾਂ ਦੀ ਜਾਨ ਚਲੀ ਗਈ ਸੀ।
ਮੁੰਬਈ ਪੁਲਿਸ ਨੇ ਵੀ ਹਾਦਸੇ ਦੇ ਗੁਨਾਹਗਾਰਾਂ ਖਿਲ਼ਾਫ ਜਾਂਚ ਤੇਜ਼ ਕਰ ਦਿੱਤੀ ਹੈ। ਵਨ ਅਬਵ ਰੈਸਟੋਰੈਂਟ ਨਾਲ ਜੁੜੇ ਚਾਰ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਾਰੇ ਮੁਲਜ਼ਮਾਂ ਦੇ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਦੇਸ਼ ਛੱਡ ਕੇ ਭੱਜ ਸਕਦੇ ਹਨ।
ਵੀਰਵਾਰ ਰਾਤ ਸਵਾ ਬਾਰਾਂ ਵਜੇ ਇੱਥੇ ਅੱਗ ਲੱਗੀ ਤਾਂ ਇੱਕ ਲਾਈਨ ਵਿਚ ਬਣੇ ਤਿੰਨ ਰੈਸਟੋਰੈਂਟਾਂ ਵਿੱਚ ਕਰੀਬ 200 ਲੋਕ ਮੌਜੂਦ ਸਨ। ਸਿਰਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਕਿੰਝ ਜ਼ਿੰਦਗੀ ਅਤੇ ਮੌਤ ਦੀ ਲੜਾਈ ਹੋਈ ਹੋਵੇਗੀ। ਮੱਧ ਮੁੰਬਈ ਦੇ ਬੇਹੱਦ ਮਸ਼ਹੂਰ ਅਤੇ ਪਾਸ਼ ਇਲਾਕੇ ਕਮਲਾ ਮਿਲਜ਼ ਵਿੱਚ 1 ABOVE ਰੈਸਟੋਰੈਂਟ ਬਣਿਆ ਹੋਇਆ ਹੈ। ਰੋਜ਼ ਦੀ ਤਰ੍ਹਾਂ ਖਾਣਾ ਪੀਣਾ ਅਤੇ ਮੌਜ ਮਸਤੀ ਚੱਲ ਰਹੀ ਸੀ ਕਿ ਅਚਾਨਕ ਕੁਝ ਚੰਗਿਆੜੇ ਅੱਗ ਦੀਆਂ ਲਪਟਾਂ ਵਿੱਚ ਤਬਦੀਲ ਹੋ ਗਏ।
ਅੱਗ ਨਾਲ ਮੌਜੂਦ ਮੋਜੋਜ਼ ਰੈਸਟੋਰੈਂਟ ਦੇ ਲਾਊਂਜ ਤੱਕ ਪਹੁੰਚ ਗਈ। ਲਪਟਾਂ ਵਿੱਚ ਲੰਦਨ ਟੈਕਸੀ ਬਾਰ ਵੀ ਘਿਰ ਗਈ। ਸੂਚਨਾ ਮਿਲਦੀਆਂ ਹੀ ਬੀ.ਐੱਮ.ਸੀ. ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਕਮਲਾ ਮਿਲਜ਼ ਪਹੁੰਚ ਗਏ। ਤੁਰੰਤ ਹੀ ਅੱਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਇਸ ਹਾਦਸੇ ਵਿੱਚ 14 ਲੋਕ ਬਦਨਸੀਬ ਰਹੇ ਜਿਨ੍ਹਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ 11 ਔਰਤਾਂ ਵੀ ਸਨ। ਮੌਤ ਦੀ ਵਜ੍ਹਾ ਦਮ ਘੁੱਟਣਾ ਦੱਸੀ ਜਾ ਰਹੀ ਹੈ ਕਿਉਂਕਿ ਵਨ ਅਬਵ ਰੈਸਟੋਰੈਂਟ ਦੀ ਇਮਾਰਤ ਦੇ ਅੰਦਰ ਅਤੇ ਟੈਰੇਸ ਦੇ ਬਾਹਰ ਬਣੇ ਲਾਊਂਜ ਵਿੱਚ ਵੀ ਧੂੰਆਂ ਚਾਰੇ ਪਾਸੇ ਫੈਲ ਗਿਆ ਸੀ। ਸਵੇਰ ਤੱਕ ਇਮਾਰਤ ਦੇ ਸ਼ੀਸ਼ੇ ਤੋੜ ਕੇ ਧੂੰਏਂ ਨੂੰ ਕੱਢਿਆ ਜਾਂਦਾ ਰਿਹਾ।
ਰੈਸਟੋਰੈਂਟ ਦੇ 3 ਮਾਲਕਾਂ ਅਤੇ ਮੈਨੇਜਰਾਂ ਖਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਤਿੰਨਾਂ ਵਿਰੁੱਧ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ ਲੋਕ ਵਨ ਅਬਵ ਰੈਸਟੋਰੈਂਟ ਵਿੱਚ ਮੌਜੂਦ ਸਨ। ਸੱਤ ਮਹੀਨੇ ਪਹਿਲਾਂ ਇਸੇ ਰੈਸਟੋਰੈਂਟ ਵਿੱਚ ਨਾਜਾਇਜ਼ ਉਸਾਰੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਪਰ ਨਾਜਾਇਜ਼ ਉਸਾਰੀ ਚੱਲਦੀ ਰਹੀ।