ਸ਼੍ਰੀਨਗਰ: ਪਿਛਲੇ ਹਫਤੇ ਕਸ਼ਮੀਰ ਘਾਟੀ ਵਿੱਚ ਭਾਰੀ ਬਰਫਬਾਰੀ ਮਗਰੋਂ ਲਾਈਨ ਆਫ ਕੰਟਰੋਲ ਤੋਂ ਲਾਪਤਾ ਹੋਏ ਪੰਜ ਫੌਜੀ ਜਵਾਨਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਗੁਰੇਜ਼ ਤੇ ਨੌਗਾਮ ਸੈਕਟਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡਿਫੈਂਸ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ।
ਫੌਜੀ ਸੂਤਰਾਂ ਨੇ ਦੱਸਿਆ ਕਿ ਖੋਜ ਤੇ ਬਚਾਅ ਟੀਮ ਨੇ ਇੱਕ ਨੌਜਵਾਨ ਦੀ ਲਾਸ਼ ਨੌਗਾਮ ਸੈਕਟਰ ਵਿੱਚੋਂ ਬਰਾਮਦ ਕੀਤੀ ਜਦਕਿ ਦੋ ਹੋਰਾਂ ਦੀਆਂ ਲਾਸ਼ਾਂ ਗੁਰੇਜ਼ ਖੇਤਰ ਵਿੱਚ ਬਰਾਮਦ ਕੀਤੀਆਂ ਹਨ।
ਦੋ ਨੌਜਵਾਨ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ਵਿੱਚ ਇੱਕ ਢਲਾਨ ਤੋਂ ਫਿਸਲ ਗਏ ਸਨ, ਜਦਕਿ ਤਿੰਨ ਹੋਰ ਭਾਰੀ ਬਰਫਬਾਰੀ ਵਿੱਚ ਬੰਦੀਪੁਰ ਜ਼ਿਲ੍ਹੇ ਦੇ ਸਬ-ਸੈਕਟਰ ਵਿੱਚ ਸਰਹੱਦੀ ਚੌਕੀ ਤੋਂ ਲਾਪਤਾ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਦੋ ਗੁੰਮੇ ਹੋਏ ਜਵਾਨਾਂ ਦੀ ਭਾਲ ਜਾਰੀ ਹੈ।