Central Government E-Care Portal : ਜੇ ਕਿਸੇ ਭਾਰਤੀ ਦੀ ਵਿਦੇਸ਼ ਵਿੱਚ ਮੌਤ ਹੋ ਜਾਂਦੀ ਹੈ, ਤਾਂ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਪਰ ਹੁਣ ਦੁਖੀ ਪਰਿਵਾਰ ਨੂੰ ਲਾਸ਼ ਨੂੰ ਘਰ ਵਾਪਸ ਲਿਆਉਣ ਲਈ ਭੱਜਦੌਰ ਨਹੀਂ ਕਰਨੀ ਪਵੇਗੀ। ਕੇਂਦਰ ਸਰਕਾਰ ਨੇ ਇਸ ਸਬੰਧੀ ਪਹਿਲਕਦਮੀ ਕੀਤੀ ਹੈ। ਸਰਕਾਰ ਨੇ 3 ਅਗਸਤ 2023 ਨੂੰ ਇੱਕ ਪੋਰਟਲ ਲਾਂਚ ਕੀਤਾ ਹੈ। ਜਿਸ ਨਾਲ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਵਿੱਚ ਮਦਦ ਮਿਲੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ (Union Health Minister Mansukh Mandaviya) ਇਸ ਪੋਰਟਲ ਨੂੰ ਲਾਂਚ ਕਰਨਗੇ।


ਪੋਟਰਲ ਤੋਂ ਕੀ ਮਿਲੇਗੀ ਮਦਦ 



ਇਸ ਈ-ਕੇਅਰ ਪੋਰਟਲ ਦਾ ਉਦੇਸ਼ ਵਿਦੇਸ਼ ਤੋਂ ਕਿਸੇ ਵੀ ਭਾਰਤੀ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨਾ ਹੈ। ਪਰਿਵਾਰਕ ਮੈਂਬਰ ਇਸ ਪੋਰਟਲ 'ਤੇ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਦਿੱਲੀ ਵਿੱਚ ਇੱਕ ਨੋਡਲ ਅਧਿਕਾਰੀ ਇਨ੍ਹਾਂ ਦਸਤਾਵੇਜ਼ਾਂ ਦੀ ਸਮੀਖਿਆ ਕਰੇਗਾ ਅਤੇ 48 ਘੰਟਿਆਂ ਦੇ ਅੰਦਰ ਅਰਜ਼ੀ ਨੂੰ ਮਨਜ਼ੂਰੀ ਦੇਵੇਗਾ। ਸਿਹਤ ਮੰਤਰਾਲੇ ਦੇ ਅਨੁਸਾਰ, ਇਸ ਪੋਰਟਲ ਵਿੱਚ ਇੱਕ ਚੇਤਾਵਨੀ ਅਧਾਰਤ ਪ੍ਰਣਾਲੀ ਹੋਵੇਗੀ, ਜੋ ਅਧਿਕਾਰੀਆਂ ਨੂੰ ਅਰਜ਼ੀਆਂ ਨੂੰ ਟਰੈਕ ਕਰਨ ਵਿੱਚ ਵੀ ਮਦਦ ਕਰੇਗੀ। ਇਸ ਪੋਰਟਲ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ।



ਕਿਵੇਂ ਕੰਮ ਕਰੇਗਾ ਪੋਟਰਲ 



ਇਸ ਪੋਰਟਲ 'ਤੇ ਦੋ ਤਰ੍ਹਾਂ ਦੀਆਂ ਵਿਵਸਥਾਵਾਂ ਹਨ। ਇੱਕ ਵਿੱਚ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਹੈ, ਜਦੋਂ ਕਿ ਦੂਜੇ ਵਿੱਚ ਅਸਥੀਆਂ ਵਾਪਸ ਲਿਆਉਣ ਦਾ ਪ੍ਰਬੰਧ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਈ-ਕੇਅਰ ਪੋਰਟਲ ਰਾਹੀਂ ਕੇਂਦਰੀ ਅੰਤਰਰਾਸ਼ਟਰੀ ਸਿਹਤ ਡਵੀਜ਼ਨ, ਨੋਡਲ ਅਫਸਰ, ਏਪੀਐਚਓ, ਕੰਸਾਈਨੀ ਅਤੇ ਏਅਰਲਾਈਨਾਂ ਨੂੰ ਜਾਣਕਾਰੀ ਭੇਜੀ ਜਾਵੇਗੀ। ਇਸ ਤਰ੍ਹਾਂ, ਇਸ ਪ੍ਰਕਿਰਿਆ ਵਿਚ ਸ਼ਾਮਲ ਸਾਰੇ ਲੋਕ ਇਕ ਪੋਰਟਲ ਰਾਹੀਂ ਜੁੜੇ ਹੋਣਗੇ। ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਨੰਬਰ ਦਰਜ ਕਰਕੇ ਅਰਜ਼ੀ ਦੀ ਸਥਿਤੀ ਦੇਖੀ ਜਾ ਸਕਦੀ ਹੈ।


ਬਿਨੈਕਾਰ ਨੂੰ 4 ਦਸਤਾਵੇਜ਼ ਕਰਾਉਣੇ ਪੈਣਗੇ ਜਮ੍ਹਾਂ 



ਈ-ਕੇਅਰ ਪੋਰਟਲ 'ਤੇ ਅਪਲਾਈ ਕਰਨ ਲਈ 4 ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ। ਇਸ ਵਿੱਚ ਮੌਤ ਦਾ ਸਰਟੀਫਿਕੇਟ, ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਣ ਵਾਲੇ ਕੈਮੀਕਲ ਦਾ ਕੋਟਿੰਗ ਸਰਟੀਫਿਕੇਟ, ਭਾਰਤੀ ਦੂਤਾਵਾਸ ਤੋਂ NOC ਅਤੇ ਮ੍ਰਿਤਕ ਦੇ ਰੱਦ ਕੀਤੇ ਪਾਸਪੋਰਟ ਦੀ ਇੱਕ ਸਕੈਨ ਕੀਤੀ ਕਾਪੀ ਸ਼ਾਮਲ ਹੈ।