India-Pakistan Border : ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਗੋਲੀਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।



ਬੀਐਸਐਫ ਨੇ ਦੱਸਿਆ ਕਿ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਬਾਰੀ ਹੋਈ ਸੀ, ਜਿਸ ਦਾ ਬੀਐਸਐਫ ਨੇ ਜਵਾਬ ਦਿੱਤਾ। ਪਾਕਿਸਤਾਨੀ ਰੇਂਜਰਾਂ ਨੇ ਕਿਸਾਨਾਂ ਅਤੇ ਜਵਾਨਾਂ 'ਤੇ 6-7 ਰਾਉਂਡ ਫਾਇਰ ਕੀਤੇ। ਜਵਾਬ ਵਿੱਚ ਬੀਐਸਐਫ ਦੇ ਜਵਾਨਾਂ ਨੇ 18 ਰਾਊਂਡ ਫਾਇਰ ਕੀਤੇ।

ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਨੇ ਇੱਕ ਫਲੈਗ ਮੀਟਿੰਗ ਬੁਲਾਈ ਹੈ, ਜੋ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਸੈਕਟਰ ਵਿੱਚ ਸ਼ਨੀਵਾਰ (9 ਦਸੰਬਰ) ਨੂੰ ਹੋ ਸਕਦੀ ਹੈ। ਇਸ 'ਚ ਪਾਕਿਸਤਾਨ ਦੇ ਅਧਿਕਾਰੀ ਵੀ ਹਿੱਸਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਕਈ ਮਹੀਨਿਆਂ ਬਾਅਦ ਰਾਜਸਥਾਨ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਗੋਲੀਬਾਰੀ ਹੋਈ ਹੈ।

 ਆਮ ਨਹੀਂ ਮਾਮਲਾ 



ਅਧਿਕਾਰੀਆਂ ਨੇ ਦੱਸਿਆ ਕਿ ਸਮਝਿਆ ਜਾਂਦਾ ਹੈ ਕਿ ਕੁਝ ਸਥਾਨਕ ਲੋਕਾਂ ਦੇ ਭਾਰਤ ਵੱਲ ਵਧਣ ਕਾਰਨ ਪਾਕਿਸਤਾਨ ਵਾਲੇ ਪਾਸੇ ਤੋਂ ਪਹਿਲਾਂ ਗੋਲੀਬਾਰੀ ਕੀਤੀ ਗਈ, ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਰਾਜਸਥਾਨ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਗੋਲੀਬਾਰੀ ਦਾ ਇਹ ਦੁਰਲੱਭ ਮਾਮਲਾ ਹੈ। ਅੰਤਰਰਾਸ਼ਟਰੀ ਸਰਹੱਦ ਗੁਜਰਾਤ, ਪੰਜਾਬ ਅਤੇ ਜੰਮੂ ਤੋਂ ਵੀ ਲੰਘਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਏ ਦਿਨ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਸਰਹੱਦ 'ਤੇ ਗੋਲੀਬਾਰੀ ਕੀਤੀ ਜਾਂਦੀ ਹੈ, ਜਿਸ ਨੂੰ ਸੁਰੱਖਿਆ ਕਰਮਚਾਰੀ ਨਾਕਾਮ ਕਰ ਰਹੇ ਹਨ। ਪਾਕਿਸਤਾਨੀ ਪਾਸਿਓਂ ਵੀ ਅੱਤਵਾਦੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।