ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਦਾ ਭਾਸ਼ਣ ਸਵੇਰੇ 11 ਵਜੇ ਲੋਕ ਸਭਾ ਵਿੱਚ ਸ਼ੁਰੂ ਹੋਏਗਾ। ਵੀਰਵਾਰ ਨੂੰ ਆਏ ਆਰਥਿਕ ਸਰਵੇਖਣ ਤੋਂ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ਦੀ ਦਿਸ਼ਾ ਤੇ ਨੀਤੀ ਸਾਫ ਹੋ ਗਈ ਹੈ। ਜਲ ਸੰਕਟ ਤੇ ਕਿਸਾਨਾਂ ਲਈ ਬਜਟ ਵਿੱਚ ਅੱਜ ਵੱਡੇ ਐਲਾਨ ਹੋ ਸਕਦੇ ਹਨ।


ਬਜਟ ਵਿੱਚ ਮੋਟੇ ਤੌਰ 'ਤੇ 2025 ਤਕ ਭਾਰਤੀ ਅਰਥ ਵਿਵਸਥਾ ਨੂੰ 5 ਟ੍ਰਿਲਿਅਨ ਡਾਲਰ ਬਣਾਉਣ ਦਾ ਲਕਸ਼ ਹੋਏ ਜਾਂ ਕਿਸਾਨਾਂ ਤੇ ਮਜ਼ਦੂਰਾਂ ਲਈ ਕਲਿਆਣਕਾਰੀ ਯੋਜਨਾਵਾਂ, ਆਰਥਕ ਸਰਵੇਖਣ ਵਿੱਚ ਇਨ੍ਹਾਂ ਸਭ ਦਾ ਖਾਕਾ ਤਿਆਰ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਵਿੱਤ ਮੰਤਰੀ ਦੇ ਬਜਟ ਵਿੱਚ ਇਨ੍ਹਾਂ ਮੁੱਦਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਏਗਾ।

ਬਜਟ ਵਿੱਚ ਖੇਤੀ, ਪਾਣੀ, ਬੁਨਿਆਦੀ ਢਾਂਚੇ ਅਤੇ ਆਰਥਿਕ ਸੁਧਾਰਾਂ ਦੇ ਪ੍ਰਬੰਧਾਂ ਬਾਰੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਿਹਤ ਤੇ ਰੁਜ਼ਗਾਰ ਪੈਦਾ ਕਰਨ ਦੇ ਖੇਤਰ ਵਿੱਚ ਵੀ ਬਜਟ ਵਿਚ ਕੁਝ ਐਲਾਨ ਹੋ ਸਕਦੇ ਹਨ। ਤਨਖ਼ਾਹ ਲੈਣ ਵਾਲੇ ਲੋਕਾਂ ਲਈ ਅੰਤਰਿਮ ਬਜਟ ਵਿੱਚ 5 ਲੱਖ ਰੁਪਏ ਦੀ ਆਮਦਨ 'ਤੇ ਇਨਕਮ ਟੈਕਸ ਦੀ ਛੋਟ ਦਿੱਤੀ ਗਈ ਸੀ, ਉਸ ਦਾ ਪੂਰਾ ਲੇਆਉਟ ਵਿਸਤਾਰ ਨਾਲ ਬਜਟ ਵਿੱਚ ਦੱਸਿਆ ਜਾਵੇਗਾ।