ਨਵੀਂ ਦਿੱਲੀ: ਭਾਰਤ ਦੇ ਸਾਰਸ ਕੋਵਿਡ ਜੀਨੋਮ ਕੰਸੋਰਸ਼ੀਅਮ (INSACOG) ਦੇ ਵਿਗਿਆਨਕ ਸਲਾਹਕਾਰ ਸਮੂਹ ਦੇ ਮੁਖੀ ਡਾ. ਸ਼ਾਹਿਦ ਜਮੀਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਖ਼ਬਰ ਏਜੰਸੀ ‘ਰਾਇਟਲਰਜ਼’ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਵਾਇਰੋਲੋਜਿਸਟ ਡਾ. ਜਮੀਲ ਨੇ ਕੁਝ ਦਿਨ ਪਹਿਲਾਂ ਏਜੰਸੀ ਨੂੰ ਆਖਿਆ ਸੀ ਕਿ ਭਾਰਤ ਵਿੱਚ ਅਧਿਕਾਰੀ ਸੈੱਟ ਪਾਲਿਸੀ ਅਧੀਨ ਸਬੂਤਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ।

 
‘ਨਿਊ ਯਾਰਕ ਟਾਈਮਜ਼’ ’ਚ ਲਿਖੇ ਆਰਟੀਕਲ ਵਿੱਚ ਡਾ. ਜਮੀਲ ਨੇ ਆਖਿਆ ਸੀ ਕਿ ਭਾਰਤ ’ਚ ਵਿਗਿਆਲਕ ਸਬੂਤਾਂ ਤੇ ਤੱਥਾਂ ਦੇ ਆਧਾਰ ਉੱਤੇ ਪਾਲਿਸੀ ਬਣਾਉਣ ਨੂੰ ਲੈ ਕੇ ਅੜੀਅਲ ਰਵੱਈਏ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ ਕੋਵਿਡ ਮੈਨੇਜਮੈਂਟ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਇਨ੍ਹਾਂ ਵਿੱਚ ਘੱਟ ਟੈਸਟਿੰਗ, ਹੌਲੀ ਰਫ਼ਤਾਰ ਨਾਲ ਟੀਕਾਕਰਨ ਤੇ ਵੈਕਸੀਨ ਦੀ ਘਾਟ ਸ਼ਾਮਲ ਹਨ। ਇਸ ਤੋਂ ਇਲਾਵਾ ਹੈਲਥਕੇਅਰ ਵਰਕ ਫ਼ੋਰਸ ਵੀ ਕਾਫ਼ੀ ਜ਼ਿਆਦਾ ਚਾਹੀਦੀ ਹੈ।

ਉਨ੍ਹਾਂ ਆਖਿਆ ਸੀ ਕਿ ਇਨ੍ਹਾਂ ਸਾਰੇ ਉਪਾਵਾਂ ਨੂੰ ਲੈ ਕੇ ਭਾਰਤ ਵਿੱਚ ਮੇਰੇ ਸਾਥੀ ਵਿਗਿਆਨੀਆਂ ਦੀ ਕਾਫ਼ੀ ਹਮਾਇਤ ਮਿਲ ਰਹੀ ਹੈ ਪਰ ਉਨ੍ਹਾਂ ਨੂੰ ਤੱਥਾਂ ਦੇ ਆਧਾਰ ਉੱਤੇ ਪਾਲਿਸੀ ਬਣਾਉਣ ਨੂੰ ਲੈ ਕੇ ਜ਼ਿੱਦੀ ਰਵੱਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  30 ਅਪ੍ਰੈਲ ਨੂੰ 800 ਤੋਂ ਵੱਧ ਭਾਰਤੀ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਡਾਟਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਹ ਵਾਇਰਸ ਬਾਰੇ ਅੰਦਾਜ਼ਾ ਲਾਉਣ ਤੇ ਉਸ ਨੂੰ ਰੋਕਣ ਲਈ ਅਧਿਐਨ ਕਰ ਸਕਣ।

 
ਡਾਟਾ ਦੇ ਆਧਾਰ ਉੱਤੇ ਫ਼ੈਸਲਾ ਨਾ ਲੈਣਾ ਇੱਕ ਹੋਰ ਆਫ਼ਤ ਹੈ ਕਿਉਂਕਿ ਭਾਰਤ ਵਿੱਚ ਮਹਾਮਾਰੀ ਕਾਬੂ ਤੋਂ ਬਾਹਰ ਹੋ ਗਈ ਹੈ। ਅਸੀਂ ਜਿਹੜੀਆਂ ਜਾਨਾਂ ਗੁਆ ਰਹੇ ਹਨ, ਉਹ ਕਦੇ ਨਾ ਮਿਟਣ ਵਾਲੇ ਜ਼ਖ਼ਮ ਦਾ ਨਿਸ਼ਾਨ ਦੇ ਜਾਣਗੀਆਂ।




ਰਾਇਟਰਜ਼ ਨੇ ਇੱਕ ਰਿਪੋਰਟ ’ਚ ਦੱਸਿਆ ਸੀ ਕਿ ਡਾ. ਜਮੀਲ ਨੇ ਮਾਰਚ ਮਹੀਨੇ ਚੇਤਾਵਨੀ ਦੇ ਦਿੱਤੀ ਸੀ ਕਿ ਭਾਰਤ ਵਿੱਚ ਨਵਾਂ ਵਾਇਰਸ ਵਧੇਰੇ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ B.1.617 ਵੇਰੀਐਂਟ ਕਾਰਣ ਦੇਸ਼ ਕੋਰੋਨਾ ਦੀ ਸਭ ਤੋਂ ਭੈੜੀ ਲਹਿਰ ’ਚੋਂ ਲੰਘ ਰਿਹਾ ਹੈ।

ਜਦੋਂ ਖ਼ਬਰ ਏਜੰਸੀ ਨੇ ਸੁਆਲ ਕੀਤਾ ਕਿ ਸਰਕਾਰ ਇਨ੍ਹਾਂ ਤੱਥਾਂ ਉੱਤੇ ਵੱਧ ਤੇਜ਼ੀ ਨਾਲ ਕੰਮ ਕਿਉਂ ਨਹੀਂ ਕਰ ਰਹੀ। ਇਸ ਬਾਰੇ ਡਾ. ਜਮੀਲ ਨੇ ਕਿਹਾ ਸੀ ਕਿ ਸਾਨੂੰ ਇਹ ਚਿੰਤਾ ਹੈ ਕਿ ਅਧਿਕਾਰੀਆਂ ਨੈ ਪਾਲਿਸੀ ਸੈੱਟ ਕਰ ਲਈ ਹੈ ਤੇ ਇਸੇ ਦੇ ਚੱਲਦਿਆਂ ਉਹ ਸਬੂਤਾਂ ਵੱਲ ਧਿਆਨ ਨਹੀਂ ਦੇ ਰਹੇ।