ਨਵੀਂ ਦਿੱਲੀ: ਕੰਗਨਾ ਰਣੌਤ (Kangana Ranaut) ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ। ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਸਿੱਖ ਜਥੇਬੰਦੀ ਨੇ ਦਿੱਲੀ ਵਿੱਚ ਕੇਸ ਦਰਜ ਕਰਵਾਇਆ ਹੈ। ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕਰਵਾਇਆ ਗਿਆ ਹੈ। ਕੰਗਨਾ ਨੇ ਇਹ ਟਿੱਪਣੀ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਕੀਤੀ ਸੀ। ਕੰਗਨਾ ਖਿਲਾਫ ਦਿੱਲੀ ਦੇ ਮੰਦਰ ਮਾਰਗ ਥਾਣੇ ਦੇ ਸਾਈਬਰ ਸੈੱਲ 'ਚ ਮਾਮਲਾ ਦਰਜ ਕੀਤਾ ਗਿਆ ਹੈ।



ਕੰਗਨਾ ਨੇ ਆਪਣੀ ਪੋਸਟ 'ਚ ਇੰਦਰਾ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲੋ... ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸੀ, ਜਿਸ ਨੇ ਉਨ੍ਹਾਂ ਨੂੰ ਆਪਣੀ ਜੁੱਤੀਆਂ ਹੇਠ ਕੁਚਲਿਆ ਸੀ...ਉਸਨੇ ਇਸ ਦੇਸ਼ ਨੂੰ ਜਿੰਨੀ ਮਰਜ਼ੀ ਮੁਸੀਬਤ ਦਿੱਤੀ ਹੋਵੇ...ਉਸਨੇ ਆਪਣੀ ਜਾਨ ਦੀ ਕੀਮਤ 'ਤੇ ਉਨ੍ਹਾਂ ਨੂੰ ਮੱਛਰਾਂ ਵਾਂਗੂੰ ਕੁਚਲ ਦਿੱਤਾ...ਪਰ ਦੇਸ਼ ਨੂੰ ਟੁਕੜੇ ਨਹੀਂ ਹੋਣ ਦਿੱਤਾ...ਉਸਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ...ਅੱਜ ਵੀ ਉਹ ਉਸਦੇ ਨਾਮ ਤੇ ਕੰਬਦੇ ਹਨ… ਇਨ੍ਹਾਂ ਨੂੰ ਉਦੋਂ ਦੇ ਹੀ  ਗੁਰੂ ਦੀ ਲੋੜ ਹੈ।


ਕੰਗਨਾ ਰਣੌਤ ਦੀ ਇਸ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਪਦਮ ਸ਼੍ਰੀ ਪੁਰਸਕਾਰ ਦੀ ਹੱਕਦਾਰ ਨਹੀਂ ਹੈ। ਕੰਗਨਾ ਨੂੰ ਮਾਨਸਿਕ ਹਸਪਤਾਲ 'ਚ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਕੰਗਨਾ ਰਣੌਤ ਨੂੰ ਦਿੱਤਾ ਗਿਆ ਪਦਮਸ਼੍ਰੀ ਵਾਪਸ ਲੈਣ ਦੀ ਅਪੀਲ ਕੀਤੀ ਹੈ।