ਨਵੀਂ ਦਿੱਲੀ: ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਕੇਂਦਰੀ ਜਾਂਚ ਏਜੰਸੀ ਦੇ ਮੁਖੀ ਆਲੋਕ ਵਰਮਾ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਭਲਕੇ ਯਾਨੀ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਵੇਗੀ। ਦੇਸ਼ ਦੀ ਸਿਖਰਲੀ ਅਦਾਲਤ ਨੇ ਸੀਵੀਸੀ ਨੂੰ ਆਲੋਕ ਵਰਮਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਦੋ ਹਫ਼ਤਿਆਂ ਵਿੱਚ ਨਿਬੇੜਨ ਦੇ ਹੁਕਮ ਦਿੱਤੇ ਸਨ।

ਹੁਣ ਸੁਪਰੀਮ ਕੋਰਟ ਸੀਬੀਆਈ ਦੇ ਅੰਤ੍ਰਿਮ ਨਿਰਦੇਸ਼ਕ ਨਾਗੇਸ਼ਵਰ ਰਾਓ ਵੱਲੋਂ 23 ਅਕਤੂਬਰ ਨੂੰ ਅਫ਼ਸਰਾਂ ਦੀਆਂ ਬਦਲੀਆਂ ਸਬੰਧੀ ਲਏ ਫੈਸਲੇ 'ਤੇ ਹੁਕਮ ਦੇ ਸਕਦੀ ਹੈ। ਰਿਸ਼ਵਤਖੋਰੀ ਵਿਵਾਦ ਵਿੱਚ ਸੀਬੀਆਈ ਮੁਖੀ ਆਲੋਕ ਵਰਮਾ ਤੇ ਏਜੰਸੀ ਵਿੱਚ ਨੰਬਰ ਦੋ ਅਧਿਕਾਰੀ ਰਾਕੇਸ਼ ਅਸਥਾਨਾ ਨੂੰ 23 ਅਕਤੂਬਰ ਨੂੰ ਹੀ ਛੁੱਟੀ 'ਤੇ ਭੇਜ ਦਿੱਤਾ ਸੀ। ਛੁੱਟੀ ਭੇਜੇ ਜਾਣ ਦੇ ਵਿਰੁੱਧ ਆਲੋਕ ਵਰਮਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ।

ਸੀਬੀਆਈ ਦੇ ਜੁਆਇੰਟ ਡਾਇਰੈਕਟਰ ਰਾਕੇਸ਼ ਅਸਥਾਨਾ ਤੇ ਉਨ੍ਹਾਂ ਦੀ ਟੀਮ ਦੇ ਇੱਕ ਡੀਐਸਪੀ 'ਤੇ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਨਾਲ ਸਬੰਧਤ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਤਿੰਨ ਕਰੋੜ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਇਸ ਸਬੰਧੀ ਸੀਬੀਆਈ ਨੇ ਹੀ ਐਫਆਈਆਰ ਵੀ ਦਰਜ ਕੀਤੀ ਹੋਈ ਹੈ। ਉੱਧਰ, ਅਸਥਾਨਾ ਦਾ ਇਲਜ਼ਾਮ ਹੈ ਕਿ ਸੀਬੀਆਈ ਚੀਫ਼ ਆਲੋਕ ਵਰਮਾ ਨੇ ਹੀ ਦੋ ਕਰੋੜ ਰੁਪਏ ਦੀ ਰਿਸ਼ਵਤ ਲਈ ਹੈ।