ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ ਪੰਜ ਖਿਲਾਫ਼ ਜਾਅਲੀ ਕਾਗ਼ਜ਼ਾਤ ਤਿਆਰ ਕਰ ਕੇ ਨੌਜਵਾਨਾਂ ਨੂੰ ਅਮਰੀਕਾ ਲਿਜਾਣ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਚਾਰ ਮੁਲਜ਼ਮ ਦਿੱਲੀ ਤੇ ਇੱਕ ਪੰਜਾਬ ਦਾ ਹੈ। ਮੁਲਜ਼ਮ ਆਪਣੇ 'ਗਾਹਕਾਂ' ਨੂੰ ਵਿਦਿਆਰਥੀ ਬਣਾ ਕੇ ਅਮਰੀਕਾ ਲਿਜਾਣ ਦੀ ਤਾਕ ਵਿੱਚ ਸਨ।


ਸੀ.ਬੀ.ਆਈ. ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੁਲਜ਼ਮਾਂ ਨੇ 11 ਨੌਜਵਾਨਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਅਮਰੀਕਾ ਦੀ ਅੰਬੈਸੀ ‘ਚ ਦਾਖਲ ਕਰ ਵੀਜ਼ਾ ਦੀ ਮੰਗ ਕੀਤੀ ਸੀ। ਇਨ੍ਹਾਂ 11 ‘ਚ ਇੱਕ ਮੁਲਜ਼ਮ ‘ਚ ਵੀ ਸ਼ਾਮਿਲ ਹੈ।

ਜਾਂਚ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਲੰਧਰ ਦੀ ਵਸਨੀਕ ਰਚਨਾ ਡੇਵਿਡ ਇਸ ਕੇਸ ਦੀ ਮੁਲਜ਼ਮ ਹੈ ਤੇ ਉਨ੍ਹਾਂ ਪਠਾਨਕੋਟ ਦੇ ਇੱਕ ਨਾਮੀ ਸਕੂਲ ਦੀ ਪ੍ਰਿੰਸੀਪਲ ਵਜੋਂ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਅੰਬੈਸੀ ‘ਚ ਦਾਖ਼ਲ ਕੀਤੇ ਸਨ। ਅਫਸਰ ਨੇ ਸਾਫ਼ ਕੀਤਾ ਕਿ ਉਸ ਸਕੂਲ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਬਾਕੀ ਮੁਲਜ਼ਮਾਂ ਦੀ ਪਛਾਣ ਸੰਦੀਪ, ਅਮਿਤਜੋਤ, ਰੋਹਿਤ ਤੇ ਅਸ਼ਿਸ਼ਕਾ ਵਜੋਂ ਹੋਈ ਜੋ ਦਿੱਲੀ ਦੇ ਰਹਿਣ ਵਾਲੇ ਹਨ। ਸੀ.ਬੀ.ਆਈ. ਨੇ ਕਿਹਾ ਮੁਲਜ਼ਮਾਂ ਨੇ 10 ਨੌਜਵਾਨਾਂ ਨੂੰ ਪੰਜਾਬ ਦੇ ਇੱਕ ਸਕੂਲ ਦੇ ਵਿਦਿਆਰਥੀ ਦੱਸਿਆ ਤੇ ਇੱਕ ਮੁਲਜ਼ਮ ਨੂੰ ਸਕੂਲ ਦੇ ਪ੍ਰਿੰਸੀਪਲ ਵਜੋਂ ਪੇਸ਼ ਕੀਤਾ।

ਏਜੰਸੀ ਮੁਤਾਬਕ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਲਿਆ ਕੇ ਸਕੂਲ ਦੇ ਵਿਦਿਆਰਥੀ ਬਣਨ ਦੀ ਐਕਟਿੰਗ ਕਰਨ ਲਈ ਮਜਬੂਰ ਕੀਤਾ ਗਿਆ। ਸੀ.ਬੀ.ਆਈ. ਦੀ ਮੁਢਲੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਨੌਜਵਾਨਾਂ ਤੋਂ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਮਰੀਕਾ ਪਹੁੰਚਣ ਲਈ ਲੱਖਾਂ ਰੁਪਏ ਲਏ ਸਨ।

ਅੰਬੈਸੀ ਨੇ ਜਦ ਇਸ ਮਾਮਲੇ ਦੀ ਛਾਣਬੀਣ ਕੀਤੀ ਤਾਂ ਸਕੂਲ ਵੱਲੋਂ ਪੇਸ਼ ਕੀਤੇ ਕਾਗਜ਼ਾਤ ਜਾਅਲੀ ਪਾਏ ਗਏ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਹਿਊਮਨ ਟ੍ਰੈਫ਼ਿਕਿੰਗ ਦੇ ਇਲਜ਼ਾਮ ਹੇਠ ਕੇਸ ਦਰਜ ਕਰਕੇ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।