ਨਵੀਂ ਦਿੱਲੀ: ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਵਿੱਚ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਚੋਲੇ ਮਿਸ਼ੇਲ ਨੂੰ ਬੀਤੀ ਰਾਤ ਭਾਰਤ ਲਿਆਂਦਾ ਗਿਆ ਸੀ। ਹੁਣ ਸੀਬੀਆਈ ਉਸ ਤੋਂ 3600 ਕਰੋੜ ਅਗਸਤਾ ਵੈਸਟਲੈਂਡ ਦੇ ਵੀਵੀਆਈਪੀ ਘੁਟਾਲੇ 'ਚ ਕਥਿਤ ਰਿਸ਼ਵਤਖੋਰੀ ਬਾਰੇ ਸਵਾਲ-ਜਵਾਬ ਕਰੇਗੀ।
ਜ਼ਿਕਰਯੋਗ ਹੈ ਕਿ ਪਿਛਲੀ ਯੂਪੀਏ ਸਰਕਾਰ ਸਮੇਂ ਸਾਲ 2010 'ਚ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖਰੀਦ ਲਈ ਅਗਸਤਾ ਵੈਸਟਲੈਂਡ ਕੰਪਨੀ ਨਾਲ ਸਮਝੌਤਾ ਹੋਇਆ। ਬਾਅਦ 'ਚ ਇਲਜ਼ਾਮ ਲੱਗੇ ਕਿ ਸੌਦਾ ਵੱਧ ਪੈਸਿਆਂ 'ਚ ਕੀਤਾ ਗਿਆ ਜਦ ਕਿ ਹੈਲੀਕਾਪਟਰਾਂ ਦੀ ਕੀਮਤ ਇੰਨੀ ਹੈ ਹੀ ਨਹੀਂ ਸੀ ਜਿੰਨੀ ਵਿਖਾਈ ਗਈ ਹੈ। ਇਸ ਪੂਰੇ ਸੌਦੇ ਦਰਮਿਆਨ ਮਿਸ਼ੇਲ 'ਤੇ 360 ਕਰੋੜ ਦੀ ਦਲਾਲੀ ਲੈਣ ਦੇ ਇਲਜ਼ਾਮ ਲੱਗੇ ਸਨ। ਵਿਵਾਦ ਹੋਣ ਤੋਂ ਬਾਅਦ 3600 ਕਰੋੜ ਦੇ ਸੌਦੇ ਨੂੰ ਯੂਪੀਏ ਸਰਕਾਰ ਨੇ ਹੀ ਜਨਵਰੀ 2014 'ਚ ਰੱਦ ਕਰ ਦਿੱਤਾ ਸੀ।
2013 'ਚ ਇਟਲੀ ਦੀ ਸਭ ਤੋਂ ਵੱਡੀ ਕੰਪਨੀ ਫਿਨਮੇਕੈਨਿਕਾ ਅਤੇ ਬਰਤਾਨੀਆ ਦੀ ਕੰਪਨੀ ਅਗਸਤਾ ਵੈਸਟਲੈਂਡ ਦੇ ਸੀਈਓ ਦੀ ਗ੍ਰਿਫਤਾਰੀ ਦੀ ਹੋਈ ਅਤੇ ਡੀਲ 'ਚ ਵੱਢੀ ਲੈਣ ਦੇ ਚਲਦਿਆਂ ਸਜ਼ਾ ਵੀ ਮਿਲੀ ਸੀ। ਮਿਸ਼ੇਲ 'ਤੇ ਇਸ ਸੌਦੇ ਨੂੰ ਸਿਰੇ ਚਾੜ੍ਹਨ ਲਈ ਭਾਰਤ 'ਚ ਕਈ ਲੋਕਾਂ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ਹਨ।
ਸਾਬਕਾ ਹਵਾਈ ਸੈਨਾ ਮੁਖੀ ਐਸਪੀ ਤਿਆਗੀ 'ਤੇ ਵੀ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ ਤੇ ਉਹ ਗ੍ਰਿਫਤਾਰ ਵੀ ਹੋਏ ਸੀ। ਜਦਕਿ ਮਿਸ਼ੇਲ ਇਸ ਮਾਮਲੇ 'ਚ ਭਗੌੜਾ ਸੀ ਅਤੇ ਕਈ ਹੋਰ ਮਾਮਲਿਆਂ 'ਚ ਕ੍ਰਿਸਚਿਨ ਮਿਸ਼ੇਲ ਦੁਬਈ ਜੇਲ੍ਹ 'ਚ ਬੰਦ ਸੀ। ਉਸ ਨੂੰ ਭਾਰਤ ਲਿਆਉਣ ਲਈ ਮੋਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ। ਹੁਣ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਹੈ ਅਤੇ ਸੀਬੀਆਈ ਉਸ ਤੋਂ ਰਿਸ਼ਵਤ ਦੀ ਰਕਮ ਭੇਜਣ ਲਈ ਵਰਤੇ ਗਏ ਵਿਦੇਸ਼ੀ ਬੈਂਕ ਖਾਤੇ ਬਾਰੇ ਪੁੱਛਗਿੱਛ ਕਰੇਗੀ। ਜੇਕਰ ਸੀਬੀਆਈ ਹੱਥ ਉਹ ਵੇਰਵੇ ਲੱਗ ਜਾਂਦੇ ਹਨ ਤਾਂ ਸਾਫ਼ ਹੋ ਜਾਵੇਗਾ ਕਿ ਕਿਸ-ਕਿਸ ਨੂੰ ਰਿਸ਼ਵਤ ਦਿੱਤੀ ਗਈ ਸੀ।