ਨਵੀਂ ਦਿੱਲੀ-ਅਗਲੇ ਮਹੀਨੇ ਇਮਤਿਹਾਨ ਦੇਣ ਵਾਲੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਗਜ਼ਾਮੀਨੇਸ਼ਨ (ਸੀ. ਬੀ. ਐਸ. ਈ.) ਨੇ ਪਾਸ ਹੋਣ ਲਈ ਨੰਬਰਾਂ ਵਿਚ ਇਕ ਵਾਰ ਢਿੱਲ ਦੇਣ ਦੇ ਫ਼ੈਸਲਾ ਕੀਤਾ ਹੈ।
ਬੋਰਡ ਨੇ ਕੇਵਲ ਇਸ ਬੈਚ ਦੇ ਵਿਦਿਆਰਥੀਆਂ ਲਈ 33 ਫ਼ੀਸਦੀ ਪਾਸ ਨੰਬਰਾਂ ਦਾ ਮਾਨਦੰਡ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਬੋਰਡ ਦੇ ਇਮਤਿਹਾਨਾਂ ਅਤੇ ਇਟਰਨਲ ਅਸੈਸਮੈਂਟ ਵਿਚ ਵੱਖੋ ਵੱਖਰੇ ਤੌਰ 'ਤੇ 33 ਫ਼ੀਸਦੀ ਨੰਬਰ ਲੈਣ ਦੀ ਲੋੜ ਨਹੀਂ।
ਇਕ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਬੋਰਡ ਦੀ ਇਮਤਿਹਾਨ ਕਮੇਟੀ ਨੇ 16 ਫਰਵਰੀ ਦੀ ਆਪਣੀ ਮੀਟਿੰਗ ਵਿਚ ਹਾਲਾਤ ਅਤੇ ਤੱਥਾਂ ਨੂੰ ਘੋਖਣ ਪਿੱਛੋਂ 10ਵੀਂ ਜਮਾਤ ਦੇ ਮੌਜੂਦਾ ਬੈਚ ਲਈ ਇਹ ਫ਼ੈਸਲਾ ਲਿਆ ਹੈ।
ਨਵੀਂ ਢਿੱਲ ਮੁਤਾਬਕ ਵਿਦਿਆਰਥੀ ਨੂੰ ਪਾਸ ਹੋਣ ਲਈ ਕੁਲ 33 ਫ਼ੀਸਦੀ (ਇਟਰਨਲ ਅਸੈਸਮੈਂਟ ਅਤੇ ਲਿਖਤੀ ਨੰਬਰਾਂ ਦਾ ਜੋੜ) ਪ੍ਰਾਪਤ ਕਰਨੇ ਪੈਣਗੇ। ਇਸ ਤੋਂ ਪਹਿਲਾਂ ਬੋਰਡ ਨੇ ਬੋਰਡ ਦੇ ਇਮਤਿਹਾਨਾਂ ਅਤੇ ਇਟਰਨਲ ਅਸੈਸਮੈਂਟ ਵਿਚ 33-33 ਫ਼ੀਸਦੀ ਨੰਬਰ ਲੈਣ ਦੀ ਮਦ ਲਾਜ਼ਮੀ ਕਰ ਦਿੱਤੀ ਸੀ।
7 ਸਾਲ ਦੇ ਵਕਫੇ ਪਿੱਛੋਂ ਇਸ ਸਾਲ ਤੋਂ 10ਵੀਂ ਦੇ ਇਮਤਿਹਾਨ ਲਾਜ਼ਮੀ ਕਰ ਦਿੱਤੇ ਗਏ ਹਨ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ 2010-11 ਬੈਚ ਤੋਂ 10ਵੀਂ ਜਮਾਤ ਲਈ ਬੋਰਡ ਇਮਤਿਹਾਨ ਇੱਛਕ ਬਣਾ ਦਿੱਤਾ ਸੀ।