ਨਵੀਂ ਦਿੱਲੀ: ਪੁਲਿਸ ਨੇ ਕਾਸਗੰਜ ਜ਼ਿਲ੍ਹੇ ਦੇ ਪਿੰਡ ਵਿੱਚ ਦਲਿਤ ਲਾੜੇ ਦੀ ਬਾਰਾਤ ਲਿਜਾਣ 'ਤੇ ਰੋਕ ਲਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਇਸ ਇਲਾਕੇ ਵਿੱਚ ਹਿੰਸਾ ਭੜਕ ਸਕਦੀ ਹੈ। ਕਾਸਗੰਜ ਸ਼ਹਿਰ ਅਜਿਹੀਆਂ ਘਟਨਾਵਾਂ ਕਰਕੇ ਚਰਚਾ ਵਿੱਚ ਰਿਹਾ ਸੀ।
ਸੰਜੇ ਕੁਮਾਰ ਜਾਟਵਾ ਨਾਂ ਦੇ ਬੰਦੇ ਦਾ ਵਿਆਹ ਨਿਜ਼ਾਮਪੁਰ ਪਿੰਡ ਦੀ ਕੁੜੀ ਸ਼ੀਤਲ ਨਾਲ ਆਉਣ ਵਾਲੀ 20 ਅਪ੍ਰੈਲ ਨੂੰ ਹੋਣਾ ਹੈ। ਨਿਜ਼ਾਮਪੁਰ ਪਿੰਡ ਠਾਕੁਰਾਂ ਦੀ ਆਬਾਦੀ ਵਾਲਾ ਪਿੰਡ ਹੈ। ਇੱਥੇ ਸਿਰਫ਼ 40 ਦਲਿਤ ਪਰਿਵਾਰ ਰਹਿੰਦੇ ਹਨ।
ਫਰਵਰੀ ਵਿੱਚ ਦੋਹਾਂ ਦੀ ਸਗਾਈ ਹੋਈ ਸੀ। ਇਸ ਤੋਂ ਬਾਅਦ ਸ਼ੀਤਲ ਨੇ ਆਪਣੇ ਮੰਗੇਤਰ ਨੂੰ ਦੱਸਿਆ ਕਿ ਉਸ ਪਿੰਡ ਦੇ ਕਥਿਤ ਉੱਚੀ ਜਾਤੀ ਦੇ ਲੋਕ ਕਿਸੇ ਦਲਿਤ ਦੀ ਬਾਰਾਤ ਨੂੰ ਪਿੰਡ ਵਿੱਚ ਆਉਣ ਨਹੀਂ ਦਿੰਦੇ। ਸੰਜੇ ਨੇ ਜਦੋਂ ਇਸ ਦੀ ਪੁਲਿਸ ਤੋਂ ਇਜਾਜ਼ਤ ਮੰਗੀ ਤਾਂ ਪੁਲਿਸ ਨੇ ਵੀ ਆਗਿਆ ਦੇਣ ਤੋਂ ਮਨਾ ਕਰ ਦਿੱਤਾ।
ਪੁਲਿਸ ਨੇ ਕਿਹਾ ਕਿ ਜੇਕਰ ਬਾਰਾਤ ਇਸ ਇਲਾਕੇ ਵਿੱਚੋਂ ਨਿਕਲੇਗੀ ਤਾਂ ਹਿੰਸਾ ਭੜਕ ਸਕਦੀ ਹੈ। ਸੰਜੇ ਹੁਣ ਇਲਾਹਾਬਾਦ ਹਾਈਕੋਰਟ ਵਿੱਚ ਕੇਸ ਲਾਉਣ ਦੀ ਤਿਆਰੀ ਕਰ ਰਹੇ ਹਨ।