ਚੰਡੀਗੜ੍ਹ: ਕੇਂਦਰ ਸਰਕਾਰ ਨੇ ਲੰਗਰ ’ਤੇ ਲੱਗ ਰਹੇ ਜੀਐਸਟੀ ਨੂੰ ਹਟਾ ਦਿੱਤਾ ਹੈ। ਬੀਤੀ ਸ਼ਾਮ ਮੁਫਤ ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਧਾਰਮਿਕ/ਚੈਰੀਟੇਬਲ ਸੰਸਥਾਵਾਂ 'ਤੇ ਸਾਰੇ ਸੀਜੀਐਸਟੀ ਅਤੇ ਆਈਜੀਐਸਟੀ ਦੀ ਵਾਪਸੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਕੇਵਲ ਗੁਰਦੁਆਰੇ ਹੀ ਨਹੀਂ ਸਗੋਂ ਮੰਦਰਾਂ, ਚਰਚਾਂ, ਲੰਗਰ ਦੀ ਸੇਵਾ ਵਿੱਚ ਮਸਜਿਦ ਨੂੰ ਵੀ ਜੀਐਸਟੀ ਦੀ ਵਾਪਸੀ ਦੀ ਪੇਸ਼ਕਸ਼ ਕੀਤੀ ਹੈ। ਮਨੁੱਖਤਾ ਨੂੰ ਮੁਫਤ ਭੋਜਨ ਖਵਾਉਣ ਦੀ ਸੇਵਾ ਕਰਨ ਵਾਲਿਆਂ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਕਈ ਮਹੀਨਿਆਂ ਤੋਂ ਲੰਗਰ ’ਤੇ ਜੀਐਸਟੀ ਲੱਗਣ ਦੇ ਫ਼ੈਸਲੇ ਤੋਂ ਉਨ੍ਹਾਂ ਦੀ ਦਿਲ ਦੁਖ਼ੀ ਸੀ ਤੇ ਉਹ ਦਿਲ 'ਤੇ ਬੋਝ ਮਹਿਸੂਸ ਕਰ ਰਹੇ ਸਨ। ਪੰਜਾਬ ਸਰਕਾਰ ਨੇ ਜੀਐਸਟੀ ਕੌਂਸਲ ਤੱਕ ਪਹੁੰਚ ਕਰਨ ਤੋਂ ਸਾਫ਼ ਕਿਨਾਰਾ ਕਰ ਲਿਆ ਸੀ। ਪਰ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਮਾਮਲੇ ਵਿੱਚ ਨਿਆਂ ਲਈ ਲੜਨ ਉਹ ਪਿੱਛੇ ਨਹੀਂ ਹਟਣਗੇ ਤੇ ਹਰ ਬਣਦੀ ਕੋਸ਼ਿਸ਼ ਕਰਦੇ ਰਹਿਣਗੇ।
ਹਰਸਿਮਰਤ ਕੌਰ ਬਾਦਲ ਮੁਤਾਬਕ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਿਤੀਸ਼ ਕੁਮਾਰ ਅਤੇ ਦੇਵੇਂਦਰ ਫੜਨਵੀਸ ਦੀ ਹਮਾਇਤ ਮਿਲੀ ਤੇ ਉਨ੍ਹਾਂ ਨਿੱਜੀ ਤੌਰ 'ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂ ਵੀ ਕਰਵਾਇਆ ਸੀ।