ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਮਨਮੋਹਨ ਸਰਕਾਰ ਵਿੱਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ 76.06 ਰੁਪਏ ਸੀ। ਇਹ ਰਿਕਾਰਡ ਮੋਦੀ ਸਰਕਾਰ ਵਿੱਚ ਟੁੱਟ ਗਿਆ ਹੈ। ਮੋਦੀ ਦੇ ਰਾਜ ਵਿੱਚ ਡੀਜ਼ਲ ਦੀ ਕੀਮਤ 67.57 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ, ਜੋ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ।


 

ਹਾਲਾਂਕਿ, ਹੁਣ ਆਮ ਲੋਕਾਂ ਲਈ ਥੋੜ੍ਹੀ ਰਾਹਤ ਦੀ ਖ਼ਬਰ ਹੈ। ਅੱਜ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਦੇ ਸੰਕੇਤ ਦਿੱਤੇ ਹਨ। ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਮੱਧ ਵਰਗੀ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਤੇ ਘੱਟ ਉਤਪਾਦਨ ਕਾਰਨ ਕੀਮਤਾਂ ਵਧੀਆਂ ਹਨ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਦਾ ਛੇਤੀ ਹੀ ਕੋਈ ਹੱਲ ਕੱਢੇਗੀ।

ਜਦੋਂ ਤੋਂ ਨਰੇਂਦਰ ਮੋਦੀ ਦੀ ਅਗਵਾਈ ਵਾਲਾ ਭਾਜਪਾ ਸਰਕਾਰ ਕੇਂਦਰ 'ਚ ਸੱਤਾ ਵਿੱਚ ਆਈ ਹੈ, ਪੈਟਰੋਲ ਉੱਪਰ ਕੁੱਲ 11 ਰੁਪਏ 77 ਪੈਸੇ ਤਕ ਦੀ ਐਕਸਾਈਜ਼ ਡਿਊਟੀ ਲਾਈ ਜਾ ਚੁੱਕੀ ਹੈ। ਨਵੰਬਰ 2014 ਤੋਂ ਜਨਵਰੀ 2016 ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਦੇ ਬਾਵਜੂਦ ਵੀ ਪੈਟਰੋਲੀਅਮ ਪਦਾਰਥਾਂ ਦੇ ਮੁੱਲ ਘਟੇ ਨਹੀਂ। ਇਸ ਕਾਰਨ ਮੋਦੀ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਲੋਕਾਂ ਨੂੰ ਇਸ ਮਹਿੰਗਾਈ ਤੋਂ ਕਦੋਂ ਰਾਹਤ ਮਿਲੇਗੀ।