ਸ੍ਰੀਨਗਰ/ਗਢਵਾਲ: ਉੱਤਰਾਖੰਡ ਦੇ ਸ੍ਰੀਨਗਰ-ਗਢਵਾਲ ਦੇ ਜੰਗਲ਼ਾਂ ਵਿੱਚ ਪਿਛਲੇ 5 ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਪ੍ਰਸ਼ਾਸਨ ਅੱਗ ਬੁਝਾਉਣ ਵਿੱਚ ਨਾਕਾਮਯਾਬ ਸਿੱਧ ਹੋ ਰਿਹਾ ਹੈ। ਅੱਗ ਹੁਣ ਰਿਹਾਇਸ਼ੀ ਇਲਾਕਿਆਂ ਤਕ ਵੀ ਫੈਲ ਗਈ ਹੈ। ਕਈ ਹੈਕਟੇਅਰ ਜੰਗਲ਼ ਅੱਗ ਦੀ ਲਪੇਟ ਵਿੱਚ ਆ ਗਿਆ ਹੈ।

 

 
ਜੰਗਲਾਂ ਤੋਂ ਹੁੰਦੀ ਹੋਈ ਅੱਗ ਕਈ ਬਸਤੀਆਂ ਤਕ ਪਹੁੰਚ ਗਈ ਹੈ। ਨੇੜਲੇ ਇਲਾਕੇ ਧੂੰਏਂ ਦੇ ਗੁਬਾਰ ਨਾਲ ਘਿਰ ਗਏ ਹਨ। ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਆ ਰਹੀ ਹੈ। ਇਸ ਭਿਆਨਕ ਅੱਗ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ਼ ਬਣ ਗਿਆ ਹੈ। ਪ੍ਰਸ਼ਾਸਨ ਸਿਰਫ ਰਿਹਾਇਸ਼ੀ ਬਸਤੀਆਂ ਤਕ ਅੱਗ ਪੁੱਜਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਹੈ।

 

ਤੇਜ਼ ਗਰਮੀ ਕਾਰਨ ਪੌੜੀ ਜਨਪਦ ਦੇ ਕਈ ਜੰਗਲ਼ ਸੜ ਰਹੇ ਹਨ। ਉੱਧਰ ਜੰਗਲ਼ ਵਿਭਾਗ ਕੋਲ ਵੀ ਮੁਲਾਜ਼ਮਾਂ ਦੀ ਕਮੀ ਦੱਸੀ ਜਾ ਰਹੀ ਹੈ। ਪੂਰਾ ਜੰਗਲ਼ ਸੜ ਕੇ ਸੁਆਹ ਹੋ ਰਿਹਾ ਹੈ ਪਰ ਕੋਈ ਇਸ ਦੀ ਸਾਰ ਲੈਣ ਲਈ ਤਿਆਰ ਨਹੀਂ ਹੈ। ਇਲਾਕੇ ਦੇ ਕਈ ਮੋਬਾਈਲ ਟਾਵਰ ਤੇ ਬਿਜਲੀ ਲਾਈਨਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ।

 

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅੱਗ ਘਰਾਂ ਤਕ ਪੁੱਜ ਗਈ ਹੈ। ਲੋਕ ਕੰਮ ’ਤੇ ਜਾਂਦੇ ਹਨ ਤੇ ਬੱਚੇ ਘਰਾਂ ਵਿੱਚ ਇਕੱਲੇ ਰਹਿੰਦੇ ਹਨ। ਅਜਿਹੇ ਵਿੱਚ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ। ਹਾਲ਼ੇ ਤਕ ਕੋਈ ਜੰਗਲ਼ ਵਿੱਚ ਅੱਗ ਬੁਝਾਉਣ ਨਹੀਂ ਪੁੱਜਾ। ਇਲਾਕੇ ਵਿੱਚ ਪ੍ਰਦੂਸ਼ਣ ਫੈਲ ਗਿਆ ਹੈ ਪਰ ਜੰਗਲ਼ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ।