ਨਵੀਂ ਦਿੱਲੀ: ਚੰਦਰਯਾਨ-2 ਨੂੰ ਲੈ ਕੇ ਪੂਰਾ ਦੇਸ਼ ਬੇਹੱਦ ਉਤਸ਼ਾਹਿਤ ਹੈ। ਦੇਸ਼ ਬੜੀ ਉਤਸੁਕਤਾ ਨਾਲ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਚੰਦਰਯਾਨ-2 ਚੰਦ ‘ਤੇ ਲੈਂਡ ਕਰੇਗਾ। ਭਾਰਤ ਦਾ ਸਪੇਸਕ੍ਰਾਫਟ ਚੰਦਰਯਾਨ-2 7 ਸਤੰਬਰ ਦੀ ਤੜਕ ਸਵੇਰ 1:55 ਵਜੇ ਚੰਦਰਮਾ ਦੀ ਧਰਤੀ ‘ਤੇ ਉਤਰੇਗਾ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਦੇ ਗਵਾਹ ਬਣਨ ਲਈ ਬੰਗਲੁਰੂ ਵਿੱਚ ਇਸਰੋ ਦੇ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੌਜੂਦ ਰਹਿਣਗੇ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵੀ ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਦੇਸ਼ਵਾਸੀ ਦੇਰ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਨੂੰ ਵੇਖਣ ਤੇ ਇਸ ਦੌਰਾਨ ਆਪਣੀ ਤਸਵੀਰ ਕਲਿੱਕ ਕਰਕੇ ਟਵੀਟ ਕਰਨ। ਪੀਐਮ ਮੋਦੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਰੀਟਵੀਟ ਕਰਨਗੇ।
ਪੀਐਮ ਮੋਦੀ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। ਉਨ੍ਹਾਂ ਲਿਖਿਆ, ‘130 ਕਰੋੜ ਭਾਰਤੀ ਜਿਸ ਪਲ ਦਾ ਇੰਤਜ਼ਾਰ ਕਰ ਰਹੇ ਸੀ, ਉਹ ਕੁਝ ਹੀ ਘੰਟੇ ਦੂਰ ਹੈ। ਚੰਦਰਯਾਨ -2 ਅੱਜ ਰਾਤ ਚੰਦਰਮਾ ਦੇ ਦੱਖਣੀ ਹਿੱਸੇ ਦੀ ਸਤਹਿ 'ਤੇ ਉਤਰੇਗਾ। ਭਾਰਤ ਤੇ ਦੁਨੀਆ ਇੱਕ ਵਾਰ ਫਿਰ ਸਾਡੇ ਵਿਗਿਆਨੀਆਂ ਦੀ ਤਾਕਤ ਵੇਖਣਗੇ।’