ਸਰਵੇਲਾਂਸ ਡਾਟਾ ਤੋਂ ਸਾਫ਼ ਹੁੰਦਾ ਹੈ ਕਿ ਫ਼ੌਜੀ ਪੱਧਰ ਉੱਤੇ ਕਈ ਗੇੜ ਦੀ ਗੱਲਬਾਤ ’ਚ ਬੀਜਿੰਗ ਲੱਦਾਖ ਵਿੱਚ ਐਲਏਸੀ ਉੱਤੇ ਤਣਾਅ ਘਟਾਉਣ ਦੀ ਗੱਲ ਕਰਦਾ ਹੈ ਪਰ ਚੀਨ ਉਸ ਇਲਾਕੇ ਵਿੱਚੋਂ ਆਪਣੇ ਫ਼ੌਜੀਆਂ ਅਤੇ ਉਪਕਰਣ ਹਟਾਉਣ ਲਈ ਤਿਆਰ ਨਹੀਂ ਹੈ। ਭਾਵੇਂ ਤਾਜ਼ਾ ਘਟਨਾਵਾਂ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ ਪਰ ਲੱਦਾਖ ’ਚ 597 ਕਿਲੋਮੀਟਰ ਲੰਮੀ LAC ਉੱਤੇ ਫ਼ੌਜੀਆਂ ਦੇ ਤੰਬੂ ਤੇ ਫ਼ੌਜੀ ਵਾਹਨਾਂ ਦੀ ਗਿਣਤੀ ਵਧ ਗਈ ਹੈ। ਫ਼ੌਜੀਆਂ ਦੇ ਨਵੇਂ ਟਿਕਾਣਿਆਂ ਤੋਂ ਸੰਕੇਤ ਮਿਲ ਰਿਹਾ ਹੈ ਕਿ ਪੀਐੱਲਏ ਇੱਥੇ ਭਾਰਤੀ ਫ਼ੌਜ ਨਾਲ ਲੰਮੇ ਸਮੇਂ ਤੱਕ ਉਲਝਣ ਦੀ ਤਿਆਰੀ ਵਿੱਚ ਹੈ।
ਭਾਰਤੀ ਅਧਿਕਾਰੀਆਂ ਮੁਤਾਬਕ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਚੀਨ ਨੇ 8-10 ਮੀਟਰ ਚੌੜੀ ਇੱਕ ਵੈਕਲਪਿਕ ਸੜਕ ਦੀ ਉਸਾਰੀ ਕਾਰਾਕੋਰਮ ਦੱਰੇ ਤੱਕ ਕਰ ਲਿਆ ਹੈ। ਜਿਸ ਨਾਲ ਦੌਲਤ ਬੇਗ ਓਲਡੀ ਸੈਕਟਰ ਵਿੱਚ ਰਣਨੀਤਕ ਗੇਟਵੇਅ ਤੱਕ ਪੁੱਜਣ ਵਿੱਚ ਦੋ ਘੰਟੇ ਘੱਟ ਲੱਗਣਗੇ। ਫ਼ੌਜੀ ਵਾਹਨਾਂ ਦੀ ਆਵਾਜਾਈ ਲਈ ਸੜਕ ਚੌੜੀ ਵੀ ਕੀਤੀ ਗਈ ਹੈ।
ਪਿਛਲੇ ਇਲਾਕਿਆਂ ’ਚ ਚੀਨ ਨੇ ਬੁਨਿਆਦੀ ਢਾਂਚਾ ਨਿਰਮਾਣ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਗੋਲਮੁੰਡ ਵਿੱਚ ਇੱਕ ਜ਼ਮੀਨਦੋਜ਼ ਪੈਟਰੋਲੀਅਮ ਤੇ ਆਇਲ ਸਟੋਰੇਜ ਸੁਵਿਧਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਡੀਪੂ ਐੱਲਏਸੀ ਤੋਂ ਹਜ਼ਾਰ ਕਿਲੋਮੀਟਰ ਦੂਰ ਹੈ ਪਰ ਤਿੱਬਤ ਰੇਲਵੇ ਰਾਹੀਂ ਲਹਾਸਾ ਨਾਲ ਜੁੜਿਆ ਹੋਇਆ ਹੈ।