Climate Change Threat: ਸਾਡੇ ਦੇਸ਼ ਦਾ ਵਾਤਾਵਰਨ ਕਿੰਨਾ ਗੰਧਲਾ ਹੋ ਗਿਆ ਹੈ ਇਸ ਦੇ ਅੰਕੜ ਲੋਕ ਸਭਾ ਵਿੱਚ ਖੇਤੀਬਾੜੀ ਮੰਤਰੀ ਵੱਲੋਂ ਪੇਸ਼ ਕੀਤੇ ਗਏ। ਇਹਨਾਂ ਅੰਕੜਿਆਂ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਜਲਵਾਯੂ ਤਬਦੀਲੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਬਣ ਕੇ ਆਈਆਂ ਹਨ।


ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਪੰਜਾਬ ਦੇ ਕਈ ਜਿਲ੍ਹੇ ਖਰਾਬ ਜਲਵਾਯੂ ਦੀ ਲਪੇਟ ਵਿੱਚ ਹਨ।  ਗੁਰਦਾਸਪੁਰ, ਜਲੰਧਰ, ਮੋਗਾ, ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਨੂੰ ਵੀ ‘ਬੇਹੱਦ ਵੱਧ’ ਜੋਖ਼ਮ ਵਾਲੇ ਵਰਗ ਵਿਚ ਰੱਖਿਆ ਗਿਆ ਹੈ। ਜਦਕਿ ਮੁਕਤਸਰ ਤੇ ਮਾਨਸਾ ਦੇ ਨਾਲ ਕਣਕ-ਝੋਨਾ ਪੈਦਾ ਕਰਨ ਵਾਲੇ ਮੋਹਰੀ ਜ਼ਿਲ੍ਹੇ ਸੰਗਰੂਰ ਤੇ ਫਿਰੋਜ਼ਪੁਰ ਜਲਵਾਯੂ ਤਬਦੀਲੀ ਤੋਂ ‘ਜ਼ਿਆਦਾ ਖ਼ਤਰੇ’ ਵਾਲੇ ਵਰਗ ਵਿਚ ਪਾਏ ਗਏ ਹਨ।


ਅਜਿਹਾ ਹੀ ਹਾਲ ਗੁਆਂਢੀ ਸੂਬੇ ਹਰਿਆਣਾ ਦਾ ਹੈ। ਹਰਿਆਣਾ ਦੇ ਫਤਿਹਾਬਾਦ, ਭਿਵਾਨੀ ਤੇ ਮਹੇਂਦਰਗੜ੍ਹ ‘ਬੇਹੱਦ ਵੱਧ’ ਖ਼ਤਰੇ ਵਾਲੇ ਵਰਗ ਵਿਚ ਹਨ। ਜਦਕਿ ਕੈਥਲ, ਜੀਂਦ, ਸਿਰਸਾ, ਰੋਹਤਕ, ਝੱਜਰ, ਰਿਵਾੜੀ ਤੇ ਗੁੜਗਾਓਂ ਵੀ ‘ਜ਼ਿਆਦਾ’ ਜੋਖ਼ਮ ਵਾਲੀ ਸ਼੍ਰੇਣੀ ਵਿਚ ਹਨ।


ਪੂਰੇ ਦੇਸ਼ ਦੀ ਗੱਲ ਕਰੀਏ ਤਾਂ 310 ਅਜਿਹੇ ਜ਼ਿਲ੍ਹਿਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਲਈ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨੇ ‘ਸਭ ਤੋਂ ਵੱਧ ਖ਼ਤਰਾ’ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਵਿਚੋਂ 109 ਜ਼ਿਲ੍ਹੇ ‘ਬੇਹੱਦ ਜ਼ਿਆਦਾ’ ਖ਼ਤਰੇ ਵਾਲੇ ਵਰਗ ਵਿਚ ਹਨ, ਜਦਕਿ 201 ਹੋਰਾਂ ਲਈ ਵੀ ਜ਼ਿਆਦਾ ਜੋਖ਼ਮ ਪੈਦਾ ਹੋ ਗਿਆ ਹੈ।


ਉੱਤਰ ਪ੍ਰਦੇਸ਼ ਦੇ 48 ਜ਼ਿਲ੍ਹੇ ਜ਼ਿਆਦਾ ਜੋਖ਼ਮ ਵਾਲੇ ਵਰਗ ਵਿਚ ਹਨ। ਇਨ੍ਹਾਂ ਵਿਚੋਂ 22 ਲਈ ‘ਬੇਹੱਦ ਜ਼ਿਆਦਾ ਖ਼ਤਰਾ’ ਤੇ 26 ਲਈ ‘ਜ਼ਿਆਦਾ’ ਜੋਖ਼ਮ ਪੈਦਾ ਹੋਣ ਬਾਰੇ ਕਿਹਾ ਗਿਆ ਹੈ। 


ਰਾਜਸਥਾਨ ਸੂਬੇ ਦੇ ਵੀ ਅੰਕੜੇ ਲੋਕ ਸਭਾ 'ਚ ਪੇਸ਼ ਕੀਤੇ ਗਏ ਸਨ। ਰਾਜਸਥਾਨ ਦੇ 27 ਜ਼ਿਲ੍ਹਿਆਂ ਵਿਚੋਂ 17 ‘ਬੇਹੱਦ ਵੱਧ’ ਤੇ 10 ‘ਜ਼ਿਆਦਾ’ ਖ਼ਤਰੇ ਵਾਲੇ ਵਰਗ ਵਿਚ ਹਨ। ਸੂਚੀ ਵਿਚ ਬਿਹਾਰ ਦੇ 10 ਜ਼ਿਲ੍ਹੇ ਸ਼ਾਮਲ ਹਨ। ਹਿਮਾਚਲ ਦੇ 12 ਵਿਚੋਂ 8 ਜ਼ਿਲ੍ਹਿਆਂ ਲਈ ਵੀ ਜਲਵਾਯੂ ਤਬਦੀਲੀ ਨੇ ਚੁਣੌਤੀਆਂ ਪੈਦਾ ਕੀਤੀਆਂ ਹਨ। 



ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ ਨੇ 2014 ਤੋਂ ਹੀ ਜਲਵਾਯੂ ਤਬਦੀਲੀ ਵਿਚ ਹੰਢ ਸਕਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਕੁੱਲ 1971 ਕਿਸਮਾਂ ਹੁਣ ਤੱਕ ਪੈਦਾ ਕੀਤੀਆਂ ਜਾ ਚੁੱਕੀਆਂ ਹਨ। ਮੰਤਰੀ ਨੇ ਮੌਜੂਦਾ ਦੌਰ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।