ਨਵੀਂ ਦਿੱਲੀ : ਦਿੱਲੀ ਦੇ ਇੱਕ ਸਟੇਡੀਅਮ ਨੂੰ ਲੈ ਕੇ ਖ਼ਬਰ ਆਈ ਸੀ ਕਿ ਖਿਡਾਰੀਆਂ ਨੂੰ ਦਿੱਲੀ ਦੇ ਇੱਕ IAS ਅਧਿਕਾਰੀ ਆਪਣੇ ਕੁੱਤੇ ਨੂੰ ਘਮਾਉਣ ਲਈ ਚੱਕਰ 'ਚ ਜਲਦੀ ਸਟੇਡੀਅਮ ਤੋਂ ਜਾਣ ਲਈ ਕਿਹਾ ਜਾ ਰਿਹਾ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਰਦੇਸ਼ ਦਿੱਤੇ ਹਨ ਕਿ ਦਿੱਲੀ ਸਰਕਾਰ ਦੀਆਂ ਸਾਰੀਆਂ ਖੇਡ ਸਹੂਲਤਾਂ ਖਿਡਾਰੀਆਂ ਲਈ ਰਾਤ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂ ਬਾਅਦ ਹੁਣ ਖਿਡਾਰੀਆਂ ਨੂੰ ਅਭਿਆਸ ਲਈ ਹੋਰ ਸਮਾਂ ਮਿਲੇਗਾ ਅਤੇ ਹੁਣ ਖਿਡਾਰੀ ਰਾਤ 10 ਵਜੇ ਤੱਕ ਅਭਿਆਸ ਕਰ ਸਕਣਗੇ।

 

ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਕਿ ਸਟੇਡੀਅਮ ਜਲਦੀ ਬੰਦ ਹੋਣ ਕਾਰਨ ਖਿਡਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਤ 10 ਵਜੇ ਤੱਕ ਸਾਰੇ ਸਟੇਡੀਅਮ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਸ ਖਬਰ ਨਾਲ ਖਿਡਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਅਭਿਆਸ 'ਚ ਕੋਈ ਦਿੱਕਤ ਨਹੀਂ ਆਵੇਗੀ।


ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਖਿਡਾਰੀਆਂ ਨੂੰ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਅਭਿਆਸ ਕਰਨ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਲਈ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਵਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਤੱਕ ਸਿਖਲਾਈ ਖਤਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 

 

ਇਸ ਦਾ ਕਾਰਨ ਇਹ ਹੈ ਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਸਕੱਤਰ (ਮਾਲ) ਸੰਜੀਵ ਖੀਰਵਾਰ ਕਰੀਬ ਅੱਧੇ ਘੰਟੇ ਬਾਅਦ ਆਪਣੇ ਕੁੱਤੇ ਨੂੰ ਉੱਥੇ ਸੈਰ ਕਰਵਾਉਂਦੇ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਨਾਲ ਦਿੱਲੀ ਸਰਕਾਰ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਇਕ ਪਾਸੇ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਅਭਿਆਸ ਲਈ ਸਟੇਡੀਅਮ 'ਚ ਸਮਾਂ ਨਹੀਂ ਹੈ।