ਹਾਂਸੀ: ਸ਼ਹਿਰ ਦੇ ਤਿਕੋਣਾ ਪਾਰਕ ਨੇੜੇ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਇੰਨਾ ਕੁੱਟਿਆ ਗਿਆ ਕਿ ਉਸ ਦੀ ਹਾਲਤ ਅੱਧ ਮਰੇ ਵਰਗੀ ਹੋ ਗਈ। ਲੋਹੇ ਦੀ ਰਾਡ ਤੇ ਡੰਡੇ ਮਾਰ ਕੇ ਉਸ ਦੇ ਪੈਰ ਵੀ ਭੰਨ੍ਹ ਦਿੱਤੇ ਗਏ। ਗੰਭੀਰ ਜ਼ਖ਼ਮੀ ਨੌਜਵਾਨ ਨੂੰ ਹਿਸਾਰ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਅੱਜ ਸਵੇਰੇ ਵਾਪਰੀ। ਚਾਰਕੁਤੁਬ ਦਾ ਰਹਿਣ ਵਾਲਾ ਸੁਮਿਤ ਸਰਕਾਰੀ ਪੀਜੀ ਕਾਲਜ ਵਿੱਚ ਪੜ੍ਹਦਾ ਹੈ। ਅੱਜ ਸਵੇਰੇ ਉਹ ਆਪਣੇ ਮੋਟਰਸਾਈਕਲ ’ਤੇ ਕਾਲਜ ਜਾ ਰਿਹਾ ਸੀ ਕਿ ਰਸਤੇ ਵਿੱਚ ਦੋ ਨੌਜਵਾਨਾਂ ਨੇ ਜ਼ਬਰਦਸਤੀ ਉਸ ਦਾ ਰਾਹ ਰੋਕਿਆ। ਇਸ ਦੌਰਾਨ ਸੁਮਿਤ ਤੇ ਉਸ ਦੇ ਪਿੱਛੇ ਬੈਠਾ ਨੌਜਵਾਨ ਡਿੱਗ ਗਏ। ਨੌਜਵਾਨਾਂ ਨੇ ਡੰਡਿਆਂ ਨਾਲ ਸੁਮਿਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਸੁਮਿਤ ਦੀ ਕੁੱਟਮਾਰ ਕਰਨ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਜ਼ਖ਼ਮੀ ਸੁਮਿਤ ਨੂੰ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ। ਇਸ ਪਿੱਛੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਬੇਹੱਦ ਜ਼ਖ਼ਮੀ ਹੋਣ ਕਰਕੇ ਪੁਲਿਸ ਸੁਮਿਤ ਕੋਲੋਂ ਬਿਆਨ ਨਹੀਂ ਲੈ ਸਕੀ।
ਹੈਰਾਨੀ ਵਾਲੀ ਗੱਲ ਇਹ ਸੀ ਕਿ ਦੋਵੇਂ ਨੌਜਵਾਨ ਕਰੀਬ 40 ਸੈਕਿੰਡ ਤਕ ਸੁਮਿਤ ਨੂੰ ਕੁੱਟਦੇ ਰਹੇ ਪਰ ਉੱਥੇ ਮੌਜੂਦ ਸੈਂਕੜੇ ਲੋਕਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਨੌਜਵਾਨ ਕੁੱਟ ਕੇ ਚਲੇ ਗਏ ਤਾਂ ਲੋਕ ਉਸ ਨੂੰ ਦੇਖਣ ਲਈ ਨਜ਼ਦੀਕ ਆਏ।
ਇਹ ਪੂਰੀ ਘਟਨਾ ਸੀਸੀਟੀਵ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਕੁੱਟਣ ਵਾਲੇ ਦੋਵੇਂ ਨੌਜਵਾਨ ਪੂਰੀ ਤਿਆਰੀ ਨਾਲ ਉੱਥੇ ਆਏ ਸੀ। ਉਹ ਡੰਡੇ ਨਾਲ ਲੈ ਕੇ ਆਏ ਸੀ।