ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੱਕ ਸੰਸਕਾਰੀ ਹੁਕਮ ਦਿੰਦਿਆਂ ਕੰਡੋਮ ਦੇ ਇਸ਼ਤਿਹਾਰ ਲਈ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਟੈਲੀਵਿਜ਼ਨ ਚੈਨਲਾਂ 'ਤੇ ਸਿਰਫ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਹੀ ਕੰਡੋਮ ਵਾਲੀ ਇਸ਼ਤਿਹਾਰ ਵਿਖਾਏ ਜਾ ਸਕਣਗੇ।


ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ਼ਤਿਹਾਰਾਂ ਬਾਰੇ ਆ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਹ ਫੈਸਲਾ ਲਿਆ ਹੈ। ਮੰਤਰਾਲੇ ਦਾ ਮੰਨਣਾ ਹੈ ਕਿ ਇਹ ਇਸ਼ਤਿਹਾਰ ਬੱਚਿਆਂ ਲਈ ਸਹੀ ਨਹੀਂ। ਬੱਚਿਆਂ ਨੂੰ ਅਸ਼ਲੀਲਤਾ ਤੇ ਭਟਕਾਊ ਵਿਸ਼ਿਆਂ ਤੋਂ ਦੂਰ ਰੱਖਣ ਲਈ ਇਨ੍ਹਾਂ ਇਸ਼ਤਿਹਾਰਾਂ ਨੂੰ ਦੇਰ ਰਾਤ ਸਮੇਂ ਟੈਲੀਵਿਜ਼ਨ 'ਤੇ ਵਿਖਾਇਆ ਜਾਣਾ ਚਾਹੀਦਾ ਹੈ।

ਮੰਤਰਾਲੇ ਵੱਲੋਂ ਦਿੱਤੇ ਗਏ ਹੁਕਮ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਕਾਰਨ ਏਡਜ਼, ਅਣਚਾਹੇ ਗਰਭ ਤੇ ਅਸੁਰੱਖਿਅਤ ਗਰਭਪਾਤ ਆਦਿ ਵਿਰੁੱਧ ਜਾਰੀ ਲੜਾਈ ਕਮਜ਼ੋਰ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕਈ ਵਾਰ ਕੰਡੋਮ ਦੀ ਜਾਣਕਾਰੀ ਨਾ ਹੋਣ ਕਾਰਨ ਅਣਚਾਹਿਆ ਗਰਭ ਤੇ ਏਡਜ਼ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਸਮੇਂ ਦੇਸ਼ ਵਿੱਚ ਅਣਚਾਹੇ ਗਰਭ ਨੂੰ ਗਿਰਾਉਣ ਲਈ ਗਰਭਪਾਤ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਕਾਨੂੰਨ ਮੁਤਾਬਕ ਇੱਕ ਤੈਅ ਸਮੇਂ ਤੋਂ ਬਾਅਦ ਗਰਭਪਾਤ ਕਰਵਾਉਣਾ ਜੁਰਮ ਹੈ।