Congress On UCC : ਭਾਰਤੀ ਕਾਨੂੰਨ ਕਮਿਸ਼ਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਪੂਰੇ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ 'ਤੇ ਬਹਿਸ ਸ਼ੁਰੂ ਹੋ ਗਈ ਹੈ। ਅਜਿਹੇ 'ਚ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦਾ ਸਟੈਂਡ ਕੀ ਹੋਵੇਗਾ ਇਸ 'ਤੇ ਕਿਆਸ ਲਗਾਏ ਜਾ ਰਹੇ ਸਨ। ਅਜਿਹੇ 'ਚ ਕਾਂਗਰਸ ਸੰਸਦੀ ਕਮੇਟੀ ਸ਼ਨੀਵਾਰ (1 ਜੁਲਾਈ) ਨੂੰ 10 ਜਨਪਥ 'ਤੇ ਸ਼ਾਮ 5 ਵਜੇ ਸੋਨੀਆ ਗਾਂਧੀ ਦੀ ਪ੍ਰਧਾਨਗੀ 'ਚ ਬੈਠਕ ਕਰੇਗੀ।

 


ਇਸ ਬੈਠਕ 'ਚ ਸੰਸਦ 'ਚ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਕਾਂਗਰਸ ਯੂ.ਸੀ.ਸੀ 'ਤੇ ਆਪਣੇ ਸਟੈਂਡ 'ਤੇ ਵੀ ਚਰਚਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ 3 ਜੁਲਾਈ ਨੂੰ ਆਪਣੇ ਸਾਰੇ ਆਗੂਆਂ ਨਾਲ ਯੂ.ਸੀ.ਸੀ. ਸਬੰਧੀ ਮੀਟਿੰਗ ਕਰਨ ਜਾ ਰਹੀ ਹੈ। ਕਾਂਗਰਸ ਦੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਹੋਣ ਵਾਲੀ ਮੀਟਿੰਗ ਵਿੱਚ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ 3 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ।


ਭਾਜਪਾ ਨੇ ਵੀ ਕੱਸ ਲਈ ਆਪਣੀ ਕਮਰ


ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਹੌਲੀ-ਹੌਲੀ ਸੁਰਖੀਆਂ ਅਤੇ ਬਹਿਸ ਦਾ ਵਿਸ਼ਾ ਬਣਨ ਲੱਗਾ ਹੈ ਜਦੋਂ ਤੋਂ ਲਾਅ ਕਮਿਸ਼ਨ ਨੇ ਦੇਸ਼ ਦੇ ਲੋਕਾਂ ਨੂੰ ਇਸ 'ਤੇ ਸੁਝਾਅ ਦੇਣ ਲਈ ਕਿਹਾ ਹੈ। ਪਿਛਲੇ ਮਹੀਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲਾਅ ਕਮਿਸ਼ਨ ਨੇ 15 ਜੁਲਾਈ ਤੋਂ ਪਹਿਲਾਂ ਇਸ ਮੁੱਦੇ 'ਤੇ ਲੋਕਾਂ ਤੋਂ ਲਿਖਤੀ ਸੁਝਾਅ ਮੰਗੇ ਸਨ ਪਰ ਇਸ ਮੁੱਦੇ ਨੇ ਅਸਲ ਰਫ਼ਤਾਰ ਓਦੋਂ ਫੜੀ ਜਦੋਂ ਪੀਐਮ ਮੋਦੀ ਨੇ ਆਪਣੇ ਬਿਆਨ ਰਾਹੀਂ ਆਪਣੇ ਵਰਕਰਾਂ ਅਤੇ ਵਿਰੋਧੀ ਧਿਰ ਨੂੰ ਇਸ ਬਾਰੇ ਸਪੱਸ਼ਟ ਸੰਦੇਸ਼ ਦਿੱਤਾ।


ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨੀਂ ਭੋਪਾਲ 'ਚ 'ਮੇਰਾ ਬੂਥ-ਸਬਸੇ ਮਜ਼ਬੂਤ' ਪ੍ਰੋਗਰਾਮ 'ਚ ਵਰਕਰਾਂ ਨੂੰ ਕਿਹਾ ਸੀ ਕਿ ਇਕ ਘਰ ਦੋ ਕਾਨੂੰਨ ਨਾਲ ਨਹੀਂ ਚੱਲ ਸਕਦਾ, ਇਕ ਘਰ ਇਕ ਕਾਨੂੰਨ ਨਾਲ ਚੱਲੇਗਾ। ਉਨ੍ਹਾਂ ਦਾ ਇਹ ਬਿਆਨ ਪਾਰਟੀ ਵਰਕਰਾਂ ਨੂੰ ਹੀ ਨਹੀਂ ਸਗੋਂ ਵਿਰੋਧੀ ਧਿਰ ਨੂੰ ਵੀ ਸਪੱਸ਼ਟ ਸੰਦੇਸ਼ ਸੀ ਕਿ ਭਾਜਪਾ ਆਉਣ ਵਾਲੇ ਦਿਨਾਂ ਵਿਚ ਇਕਸਾਰ ਸਿਵਲ ਕੋਡ ਨੂੰ ਲੈ ਕੇ ਕਦਮ ਚੁੱਕਣ ਜਾ ਰਹੀ ਹੈ। ਦੂਜੇ ਪਾਸੇ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਾਨਸੂਨ ਸੈਸ਼ਨ 'ਚ ਭਾਜਪਾ ਦੇਸ਼ ਦੀ ਸੰਸਦ 'ਚ ਯੂ.ਸੀ.ਸੀ. ਦਾ ਖਰੜਾ ਪੇਸ਼ ਕਰ ਸਕਦੀ ਹੈ।