Congress President Election Result : ਕਾਂਗਰਸ ਨੂੰ ਆਖਰਕਾਰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। 80 ਸਾਲਾ ਮਲਿਕਾਰਜੁਨ ਖੜਗੇ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਖੜਗੇ ਨੇ ਸਿੱਧੇ ਮੁਕਾਬਲੇ ਵਿੱਚ ਸ਼ਸ਼ੀ ਥਰੂਰ ਨੂੰ ਵੱਡੇ ਫਰਕ ਨਾਲ ਹਰਾਇਆ। ਮਲਿਕਾਰਜੁਨ ਖੜਗੇ ਨੂੰ 7897 ਵੋਟਾਂ ਮਿਲੀਆਂ, ਜਦਕਿ ਸ਼ਸ਼ੀ ਥਰੂਰ ਨੂੰ ਸਿਰਫ਼ 1072 ਵੋਟਾਂ ਮਿਲੀਆਂ। ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਹੀਂ ਸੀ। ਪਿਛਲੇ 24 ਸਾਲਾਂ 'ਚ ਇਹ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਨੇਤਾ ਪ੍ਰਧਾਨ ਦੇ ਅਹੁਦੇ 'ਤੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਅਜਿਹੇ ਪ੍ਰਧਾਨ ਸਨ, ਜੋ ਗਾਂਧੀ ਪਰਿਵਾਰ ਤੋਂ ਨਹੀਂ ਸਨ।


 


 ਕਾਂਗਰਸ ਹੈੱਡਕੁਆਰਟਰ ਦੇ ਬਾਹਰ ਖੜਗੇ ਦੀ ਜਿੱਤ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਖੜਗੇ ਦੇ ਸਮਰਥਕ ਢੋਲ ਵਜਾ ਕੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਜਿੱਤ ਤੋਂ ਬਾਅਦ ਸਚਿਨ ਪਾਇਲਟ, ਗੌਰਵ ਗੋਗੋਈ, ਤਾਰਿਕ ਅਨਵਰ ਵਰਗੇ ਨੇਤਾ ਖੜਗੇ ਨੂੰ ਮਿਲਣ ਪਹੁੰਚੇ ਹਨ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਖੜਗੇ ਦੇ ਖਿਲਾਫ ਚੋਣ ਲੜ ਰਹੇ ਸ਼ਸ਼ੀ ਥਰੂਰ ਨੇ ਵੀ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਥਰੂਰ ਨੇ ਟਵੀਟ ਕੀਤਾ, "ਇਹ ਬਹੁਤ ਸਨਮਾਨ ਅਤੇ ਵੱਡੀ ਜ਼ਿੰਮੇਵਾਰੀ ਦੀ ਗੱਲ ਹੈ। ਮੈਂ ਖੜਗੇ ਜੀ ਨੂੰ ਉਨ੍ਹਾਂ ਦੇ ਕੰਮ ਵਿੱਚ ਪੂਰੀ ਸਫਲਤਾ ਦੀ ਕਾਮਨਾ ਕਰਦਾ ਹਾਂ।" ਇਸ ਤੋਂ ਇਲਾਵਾ ਖੜਗੇ ਨੇ ਕਾਂਗਰਸ ਨੇਤਾਵਾਂ ਨੂੰ ਮਿਲੇ ਸਮਰਥਨ ਲਈ ਧੰਨਵਾਦ ਵੀ ਕੀਤਾ।