Sonia Gandhi in Chintan Shivir : ਕਾਂਗਰਸ ਦੇ ਚਿੰਤਨ ਸ਼ਿਵਿਰ ਦੇ ਆਖਰੀ ਦਿਨ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੇ ਆਗੂਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀ ਰਾਏ ਦਿੱਤੀ। ਇਸ ਦੇ ਨਾਲ ਹੀ ਸੋਨੀਆ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇਸ਼ ਭਰ 'ਚ ਭਾਰਤ ਜੋੜੋ ਯਾਤਰਾ ਸ਼ੁਰੂ ਕਰੇਗੀ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਯਾਤਰਾ ਵਿੱਚ ਸ਼ਾਮਲ ਹੋਣ।
ਚਿੰਤਨ ਸ਼ਿਵਿਰ ਦੇ ਫੈਸਲੇ ਜਲਦੀ ਹੀ ਕੀਤੇ ਜਾਣਗੇ ਲਾਗੂ
ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸਾਲ ਗਾਂਧੀ ਜਯੰਤੀ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ। ਇਸ ਯਾਤਰਾ ਵਿੱਚ ਸਾਰੇ ਬਜ਼ੁਰਗ ਅਤੇ ਨੌਜਵਾਨ ਹਿੱਸਾ ਲੈਣਗੇ। ਇਹ ਯਾਤਰਾ ਭਾਈਚਾਰਕ ਸਾਂਝ ਬਣਾਈ ਰੱਖਣ ਵਿੱਚ ਸਹਾਈ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ ਵੀ ਜਨ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਸੋਨੀਆ ਨੇ ਕਿਹਾ ਕਿ ਜਲਦ ਹੀ ਉਦੈਪੁਰ ਦੇ ਚਿੰਤਨ ਸ਼ਿਵਿਰ 'ਚ ਲਏ ਗਏ ਫੈਸਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਟਾਸਕ ਫੋਰਸ ਬਣਾਈ ਜਾਵੇਗੀ। ਉਨ੍ਹਾਂ ਨੇ ਅੰਤ ਵਿੱਚ ਕਿਹਾ - ਅਸੀਂ ਜਿੱਤਾਂਗੇ, ਇਹ ਸਾਡਾ ਨਵਾਂ ਸੰਕਲਪ ਹੈ।
ਰਾਹੁਲ ਦਾ ਬੀਜੇਪੀ-ਆਰਐਸਐਸ 'ਤੇ ਹਮਲਾ
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਾਰਟੀ ਆਗੂਆਂ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਨ੍ਹਾਂ ਨੇ ਭਾਜਪਾ ਅਤੇ ਆਰਐਸਐਸ ਉੱਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਲੜਾਈ ਭਾਜਪਾ ਅਤੇ ਆਰਐਸਐਸ ਦੀ ਵਿਚਾਰਧਾਰਾ ਨਾਲ ਹੈ, ਇਸ ਲਈ ਇਹ ਇੰਨਾ ਆਸਾਨ ਨਹੀਂ ਹੈ। ਇਹ ਵਿਚਾਰਧਾਰਾ ਦੇਸ਼ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਮੇਰੇ ਪਿਆਰੇ ਦੇਸ਼ ਵਿੱਚ ਇੰਨਾ ਗੁੱਸਾ ਅਤੇ ਹਿੰਸਾ ਫੈਲ ਸਕਦੀ ਹੈ।