Thomas Cup 2022 Winner: ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਫਾਈਨਲ 'ਚ ਮਜ਼ਬੂਤ ਇੰਡੋਨੇਸ਼ਿਆਈ ਟੀਮ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਰਸ਼ ਬੈਡਮਿੰਟਨ ਟੀਮ ਦੀ ਤਾਰੀਫ ਕੀਤੀ ਹੈ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।



ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਪੁਰਸ਼ ਬੈਡਮਿੰਟਨ ਟੀਮ ਦੀ ਇਸ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਤੇ ਟਵੀਟ ਕੀਤਾ। 'ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਥਾਮਸ ਕੱਪ ਜਿੱਤਣ 'ਤੇ ਪੂਰਾ ਦੇਸ਼ ਉਤਸ਼ਾਹਿਤ ਹੈ। ਸਾਡੀ ਹੁਨਰਮੰਦ ਟੀਮ ਨੂੰ ਵਧਾਈ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ। ਇਹ ਜਿੱਤ ਆਉਣ ਵਾਲੇ ਕਈ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਇਸ ਦੇ ਨਾਲ ਹੀ ਖੇਡ ਮੰਤਰਾਲੇ ਨੇ ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਭਾਰਤੀ ਟੀਮ ਨੇ ਰਚਿਆ ਇਤਿਹਾਸ
ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇੱਕਤਰਫਾ ਫਾਈਨਲ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਲਕਸ਼ਯ ਸੇਨ ਤੇ ਕਿਦਾਂਬੀ ਸ਼੍ਰੀਕਾਂਤ ਤੋਂ ਇਲਾਵਾ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਵਿਸ਼ਵ ਦੀ ਅੱਠਵੇਂ ਨੰਬਰ ਦੀ ਜੋੜੀ ਨੇ ਟੀਮ ਲਈ ਯਾਦਗਾਰ ਜਿੱਤ ਦਰਜ ਕੀਤੀ।

ਨਾਕਆਊਟ ਗੇੜ ਵਿੱਚ ਗਤੀ ਹਾਸਲ ਲਈ ਜੂਝ ਰਹੇ ਲਕਸ਼ ਨੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ ਕਿਉਂਕਿ ਉਸ ਨੇ ਪਹਿਲੇ ਸਿੰਗਲਜ਼ ਮੈਚ ਵਿੱਚ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਐਂਥਨੀ ਸਿਨੀਸੁਕਾ ਗਿਨਟਿੰਗ ਨੂੰ 8-21, 21-17, 21-16 ਨਾਲ ਹਰਾ ਕੇ 1-0 ਦੀ ਬੜ੍ਹਤ ਦਿਲਾਈ।

ਸਾਤਵਿਕ ਤੇ ਚਿਰਾਗ ਦੀ ਦੇਸ਼ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਫਿਰ ਮੁਸ਼ਕਲਾਂ ਤੋਂ ਬਾਅਦ ਵਾਪਸੀ ਕਰਦੇ ਹੋਏ ਦੂਜੀ ਗੇਮ ਵਿੱਚ ਚਾਰ ਮੈਚ ਪੁਆਇੰਟ ਬਚਾਏ ਅਤੇ ਮੁਹੰਮਦ ਅਹਿਸਾਨ ਅਤੇ ਕੇਵਿਨ ਸੰਜੇ ਸੁਕਾਮੁਲਜੋ ਦੀ ਜੋੜੀ ਨੂੰ 18-21, 23-21, 21-19 ਨਾਲ ਹਰਾ ਕੇ ਭਾਰਤ ਦੀ ਬੜ੍ਹਤ ਨੂੰ 2-0 ਕੀਤਾ। ਦੂਜੇ ਸਿੰਗਲਜ਼ ਵਿੱਚ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਨੂੰ 48 ਮਿੰਟ ਵਿੱਚ 21-15, 23-21 ਨਾਲ ਹਰਾ ਕੇ ਭਾਰਤ ਨੂੰ 3-0 ਦੀ ਬੜ੍ਹਤ ਦਿਵਾਈ।