ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰੇ ਸਮੇਂ ’ਚ ਜਨਤਾ ਦੇ ਜੀਵਨ ਦੀ ਰਾਖੀ ਸਰਕਾਰ ਲਈ ਸਰਬਉੱਚ ਹੈ। ਇਸ ਲਈ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦਿਆਂ ਪਟਾਕਿਆਂ ਦੀ ਵਿਕਰੀ ਤੇ ਆਤਿਸ਼ਬਾਜ਼ੀ ਉੱਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਗਹਿਲੋਤ ਨੇ ਇਹ ਗੱਲ ਆਪਣੇ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ, ‘ਨੋ ਮਾਸਕ-ਨੋ ਐਂਟਰੀ’ ਤੇ ‘ਸ਼ੁੱਧ ਲਈ ਯੁੱਧ’ ਮੁਹਿੰਮ ਦੀ ਸਮੀਖਿਆ ਕਰਦਿਆਂ ਆਖੀ। ਮੁੱਖ ਮੰਤਰੀ ਨੇ ਉਸ ਮੀਟਿੰਗ ’ਚ ਅਨਲੌਕ-6 ਦੀਆਂ ਹਦਾਇਤਾਂ ਬਾਰੇ ਵੀ ਚਰਚਾ ਕੀਤੀ।


ਮੁੱਖ ਮੰਤਰੀ ਨੇ ਪਟਾਕਿਆਂ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਧੂੰਏਂ ਤੋਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਰੋਗੀਆਂ ਤੇ ਆਮ ਲੋਕਾਂ ਦੀ ਤੰਦਰੁਸਤੀ ਦੀ ਰਾਖੀ ਲਈ ਰਾਜ ਵਿੱਚ ਪਟਾਕਿਆਂ ਦੀ ਵਿਕਰੀ ਤੇ ਆਤਿਸ਼ਬਾਜ਼ੀ ਉੱਤੇ ਰੋਕ ਲਾਉਣ ਤੇ ਬਿਨਾ ਫ਼ਿਟਨੈੱਸ ਦੇ ਧੂੰਆਂ ਸੁੱਟਣ ਵਾਲੇ ਵਾਹਨਾਂ ਉੱਤੇ ਸਖ਼ਤ ਕਾਰਵਾਈ ਦੀ ਹਦਾਇਤ ਕੀਤੀ।

ਗਹਿਲੋਤ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰਪੂਰ ਸਮੇਂ ’ਚ ਸੂਬਾ ਵਾਸੀਆਂ ਦੀ ਜੀਵਨ ਦੀ ਰਾਖੀ ਸਰਕਾਰ ਲਈ ਸਰਬਉੱਚ ਹੈ। ਉਨ੍ਹਾਂ ਕਿਹਾ ਕਿ ਆਤਿਸ਼ਬਾਜ਼ੀ ’ਚੋਂ ਨਿਕਲਣ ਵਾਲੇ ਧੂੰਏਂ ਕਾਰਣ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਨਾਲ-ਨਾਲ ਦਿਲ ਤੇ ਸਾਹ ਦੇ ਰੋਗੀਆਂ ਨੂੰ ਵੀ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਦੀਵਾਲੀ ਮੌਕੇ ਆਤਿਸ਼ਬਾਜ਼ੀ ਤੋਂ ਬਚੋ। ਉਨ੍ਹਾਂ ਪਟਾਕਿਆਂ ਦੀ ਵਿਕਰੀ ਦੇ ਅਸਥਾਈ ਲਾਇਸੈਂਸ ਉੱਤੇ ਰੋਕ ਲਾਉਣ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਕਿਹਾ ਵਿਆਹਾਂ ਤੇ ਹੋਰ ਸਮਾਰੋਹਾਂ ’ਚ ਵੀ ਆਤਿਸ਼ਬਾਜ਼ੀ ਨੂੰ ਰੋਕਿਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਜਰਮਨੀ, ਇੰਗਲੈਂਡ, ਫ਼ਰਾਂਸ, ਇਟਲੀ ਤੇ ਸਪੇਨ ਜਿਹੇ ਵਿਕਸਤ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕਈ ਦੇਸ਼ਾਂ ਨੂੰ ਤਾਂ ਮੁੜ ਲੌਕਡਾਊਨ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਾਡੇ ਵੀ ਇੱਥੇ ਅਜਿਹੇ ਹਾਲਾਤ ਨਾ ਪੈਦਾ ਹੋ ਜਾਣ, ਇਸੇ ਲਈ ਸਾਨੂੰ ਸਾਵਧਾਨੀ ਰੱਖਣੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 2,000 ਡਾਕਟਰਾਂ ਦੀ ਭਰਤੀ ਪ੍ਰਕਿਰਿਆ ਛੇਤੀ ਮੁਕੰਮਲ ਕੀਤੀ ਜਾਵੇ। ਪ੍ਰੀਖਿਆ ਦੇ ਨਤੀਜੇ ਵਿੱਚ ਚੁਣੇ ਡਾਕਟਰਾਂ ਨੂੰ ਸਾਰੀ ਪ੍ਰਕਿਰਿਆ 10 ਦਿਨਾਂ ਅੰਦਰ ਮੁਕੰਮਲ ਕਰ ਕੇ ਛੇਤੀ ਨਿਯੁਕਤੀ ਦਿੱਤੀ ਜਾਵੇ। ਇਸ ਨਾਲ ਕੋਰੋਨਾ ਸਮੇਤ ਹੋਰ ਰੋਗਾਂ ਦੇ ਇਲਾਜ ਵਿੱਚ ਮਦਦ ਮਿਲੇਗੀ।

ਸ਼ਾਸਨ ਮਾਮਲਿਆਂ ਦੇ ਪ੍ਰਮੁੱਖ ਸਕੱਤਰ (ਗ੍ਰਹਿ) ਅਭੇ ਕੁਮਾਰ ਨੇ ਦੱਸਿਆ ਕਿ ਰਾਜ ਵਿੱਚ ਸਕੂਲ, ਕਾਲਜ ਸਮੇਤ ਵਿਦਿਅਕ ਅਦਾਰੇ ਤੇ ਕੋਚਿੰਗ ਕੇਂਦਰ 16 ਨਵੰਬਰ ਤੱਕ ਆਮ ਵਿਦਿਅਕ ਗਤੀਵਿਧੀਆਂ ਲਈ ਬੰਦ ਰਹਿਣਗੇ। ਇਸ ਤੋਂ ਬਾਅਦ ਮੁੜ ਸਮੀਖਿਆ ਕਰ ਕੇ ਉਨ੍ਹਾਂ ਬਾਰੇ ਫ਼ੈਸਲਾ ਲਿਆ ਜਾਵੇਗਾ। ਸਵਿਮਿੰਗ ਪੂਲ, ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ ਆਦਿ ਪਹਿਲੇ ਹੁਕਮਾਂ ਮੁਤਾਬਕ 30 ਨਵੰਬਰ ਤੱਕ ਬੰਦ ਰਹਿਣਗੇ। ਵਿਆਹ ਸਮਾਰੋਹ ’ਚ ਮਹਿਮਾਨਾਂ ਦੀ ਵੱਧ ਤੋਂ ਵੱਧ ਗਿਣਤੀ 100 ਤੱਕ ਸੀਮਤ ਰਹੇਗੀ।