ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਕੁਝ ਅਜਿਹੀਆਂ ਥਾਵਾਂ ਹਨ, ਜਿੱਥੇ ਕੋਰੋਨਾ ਦੇ ਬਹੁਤ ਘੱਟ ਮਾਮਲੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਪੇਂਡੂ ਖੇਤਰਾਂ ’ਚ ਕੋਰੋਨਾ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਪੇਂਡੂ ਖੇਤਰਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ, “ਪੇਂਡੂ ਖੇਤਰਾਂ ਦੇ ਲੋਕ ਵੱਡੀ ਪੱਧਰ ’ਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਹੀਂ ਹੋ ਸਕਦੇ, ਕਿਉਂਕਿ ਉੱਥੋਂ ਦੇ ਲੋਕ ਸਿਹਤਮੰਦ ਜ਼ਿੰਦਗੀ ਜੀਉਂਦੇ ਹਨ ਤੇ ਖੁੱਲ੍ਹੀ-ਹਵਾਦਾਰ ਥਾਵਾਂ ’ਤੇ ਰਹਿੰਦੇ ਹਨ।”


ਉਪ ਰਾਸ਼ਟਰਪਤੀ ਨੇ ਇਹ ਗੱਲ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ। ਉਨ੍ਹਾਂ ਕਿਹਾ ਕਿ ਭਾਰਤ ਦੇ ਪੁਰਾਣੇ ‘ਵਿਸ਼ਾਲ’ (ਆਰਕੀਟੈਕਚਰਲ) ਨਿਯਮਾਂ ਨੇ ਹਵਾ ਦੇ ਸਰਕੁਲੇਸ਼ਨ ਤੇ ਸੂਰਜ ਦੀ ਰੌਸ਼ਨੀ ’ਤੇ ਜ਼ੋਰ ਦਿੱਤਾ ਸੀ, ਪਰ ਸ਼ਹਿਰੀ ਖੇਤਰਾਂ ’ਚ ਅਸੀਂ ਅਜਿਹਾ ਨਹੀਂ ਕਰ ਰਹੇ ਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਹਾਂ। ਉਨ੍ਹਾਂ ਕਿਹਾ, "ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਖਤ ਮਿਹਨਤ ਵਾਲੀ ਜੀਵਨ ਸ਼ੈਲੀ ਅਪਨਾਉਣ। ਸਾਡੇ ਪੁਰਖਿਆਂ ਤੋਂ ਸਿੱਖੋ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ’ਚ ਸਖਤ ਮਿਹਨਤ ਕੀਤੀ ਤੇ ਆਲਸ ਨੂੰ ਦੂਰ ਕੀਤਾ।”

ਉਪ ਰਾਸ਼ਟਰਪਤੀ ਨੇ ਕਿਹਾ, “ਪਿੱਜ਼ਾ ਅਤੇ ਬਰਗਰ ਪੱਛਮੀ ਦੇਸ਼ਾਂ ਦੇ ਲੋਕਾਂ ਲਈ ਵਧੀਆ ਹਨ, ਪਰ ਭਾਰਤੀਆਂ ਨੂੰ ‘ਸਿਹਤਮੰਦ ਭੋਜਨ’ ਖਾਣਾ ਚਾਹੀਦਾ ਹੈ। ਮਾਨਸਿਕ ਤਣਾਅ ਵਰਗੀ ਬਿਮਾਰੀ ਦਾ ਵੀ ਤੁਰੰਤ ਦੂਜੀਆਂ ਬਿਮਾਰੀਆਂ ਵਾਂਗ ਇਲਾਜ ਕੀਤਾ ਜਾਣਾ ਚਾਹੀਦਾ ਹੈ। ਇਹ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਕਿ ਦੇਸ਼ ਦੇ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕ ਮੁੱਖ ਤੌਰ ’ਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਨਹੀਂ ਹੁੰਦੇ। ਮੇਰਾ ਮੰਨਣਾ ਹੈ ਕਿ ਉਹ ਸਖ਼ਤ ਮਿਹਨਤ ਕਰਦੇ ਹਨ ਅਤੇ ਉਹ ਜਿਹੜੀ ਵੀ ਥਾਂ ’ਤੇ ਰਹਿੰਦੇ ਹਨ, ਉਹ ਬਹੁਤ ਵਧੀਆ ਕਰਦੇ ਹਨ।”

ਉਨ੍ਹਾਂ ਕਿਹਾ, “ਅਸੀਂ ਸ਼ਹਿਰੀ ਖੇਤਰਾਂ ’ਚ ਰਹਿੰਦੇ ਹਾਂ ਤੇ ਸੂਰਜ ਤੋਂ ਬਚਦੇ ਹਾਂ। ਹੁਣ ਸਾਡੇ ਕੋਲ ਸਭ ਕੁਝ ਬੰਦ ਹੈ। ਸਾਡੀਆਂ ਕਾਰਾਂ ਬੰਦ ਹਨ, ਮਕਾਨ ਬੰਦ ਹਨ, ਰੈਸਟੋਰੈਂਟ ਬੰਦ ਹਨ, ਦਫਤਰ ਬੰਦ ਹਨ ਅਤੇ ਹੁਣ ਸਾਡੇ ਦਿਮਾਗ ਵੀ ਬੰਦ ਹੋ ਰਹੇ ਹਨ।”