ਨਵੀਂ ਦਿੱਲੀ: ਦੇਸ਼ ’ਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ ਤੇ ਤਿਲੰਗਾਨਾ ਸਮੇਤ ਅੱਠ ਸੂਬਿਆਂ ’ਚ ਕਰੋਨਾਵਾਇਰਸ ਦੇ ਕਰੀਬ 90 ਫ਼ੀਸਦੀ ਸਰਗਰਮ ਕੇਸ ਹਨ। ਇਨ੍ਹਾਂ ਰਾਜਾਂ ਵਿੱਚ ਦਿਨ-ਬ-ਦਿਨ ਹਾਲਾਤ ਵਿਗੜ ਰਹੇ ਹਨ। ਇਨ੍ਹਾਂ ਰਾਜਾਂ ਨੂੰ ਛੱਡ ਬਾਕੀ ਪੂਰੇ ਦੇਸ਼ ਵਿੱਚ ਸਿਰਫ 10 ਫੀਸਦੀ ਕੇਸ ਹਨ। ਦੇਸ਼ ਦੇ 49 ਜ਼ਿਲ੍ਹਿਆਂ ’ਚ ਕਰੋਨਾ ਦੇ 80 ਫ਼ੀਸਦੀ ਸਰਗਰਮ ਮਾਮਲੇ ਸਾਹਮਣੇ ਆਏ ਹਨ।


ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ 86 ਫ਼ੀਸਦੀ ਮੌਤਾਂ ਹੋਈਆਂ ਹਨ ਜਦਕਿ 32 ਜ਼ਿਲ੍ਹਿਆਂ ’ਚ ਕਰੋਨਾ ਨਾਲ 80 ਫ਼ੀਸਦੀ ਮੌਤਾਂ ਦਾ ਅੰਕੜਾ ਦਰਜ ਹੋਇਆ ਹੈ।

ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਹੋਏਗੀ ਮੁੜ ਸਖਤੀ! ਕੋਰੋਨਾ ਨੇ ਧਾਰਿਆ ਖਤਰਨਾਕ ਰੂਪ

ਪੰਜਾਬ ’ਚ ਇਸ ਖ਼ਤਰਨਾਕ ਵਾਇਰਸ ਤੋਂ ਪੀੜਤਾਂ ਗਿਣਤੀ ਭਾਵੇਂ ਲਗਾਤਾਰ ਵਧ ਰਹੀ ਹੈ ਪਰ ਫਿਰ ਵੀ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਲਗਪਗ ਬਿਹਤਰ ਮੰਨੀ ਜਾ ਸਕਦੀ ਹੈ। ਪੌਜ਼ੇਟਿਵ ਮਾਮਲਿਆਂ ਦੀ ਦਰ ਪੰਜਾਬ ਵਿੱਚ ਸਿਰਫ਼ 2 ਫ਼ੀਸਦੀ ਹੈ ਜਦੋਂਕਿ ਮੁਲਕ ਦੇ ਹੋਰਨਾਂ ਸੂਬਿਆਂ ’ਚ ਇਹ ਦਰ 20 ਫ਼ੀਸਦੀ ਤੋਂ ਵੱਧ ਹੈ। ਸੂਬੇ ’ਚ ਕਰੋਨਾ ਮਰੀਜ਼ਾਂ ਦੀ ਮੌਤ ਦਰ 2 ਫ਼ੀਸਦੀ ਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 70 ਫ਼ੀਸਦੀ ਤੱਕ ਹੈ, ਜੋ ਕੌਮੀ ਔਸਤ ਨਾਲੋਂ ਵਧੇਰੇ ਹੈ।

ਕੋਰੋਨਾ ਪ੍ਰਭਾਵਿਤ 5 ਜ਼ਿਲ੍ਹਿਆਂ 'ਚ ਅੱਜ ਤੋਂ ਰੈਪਿਡ ਐਕਸ਼ਨ

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਖ਼ਿੱਤਿਆਂ ’ਚ ਮੌਤ ਦੀ ਦਰ ਵਧੇਰੇ ਹੈ, ਉੱਥੇ ਉਚੇਚੇ ਤੌਰ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਪੰਜ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿਚਕਾਰ ਤੁਲਨਾ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਭਾਰਤ ’ਚ 10 ਲੱਖ ਪਿੱਛੇ ਕਰੋਨਾ ਦੇ 538 ਕੇਸ ਹਨ ਜਦਕਿ ਮੌਤਾਂ ਦੀ ਦਰ 15 ਹੈ। ਇਸ ਦੇ ਮੁਕਾਬਲੇ ਆਲਮੀ ਔਸਤ ਕ੍ਰਮਵਾਰ 1453 ਅਤੇ 68.7 ਹੈ।

ਭਾਰਤ ’ਚ ਵੀਰਵਾਰ ਨੂੰ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 24,879 ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 7,67,296 ਹੋ ਗਈ। ਜਦਕਿ 479 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 21,129 ਹੋ ਗਿਆ ਹੈ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਅਜੇ ਕਰੋਨਾ ਲਾਗ ਦੇ ਸਮੂਹਿਕ ਸੰਚਾਰ ਵਾਲੇ ਪੜਾਅ ’ਤੇ ਨਹੀਂ ਪਹੁੰਚਿਆ ਹੈ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਕੁਝ ਭੂਗੋਲਿਕ ਖੇਤਰਾਂ ਵਿੱਚ ਸਥਾਨਕ ਪੱਧਰ ’ਤੇ ਵਧ ਰਿਹਾ ਹੈ।

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਵੇਂ ਕੇਸਾਂ ਵਿੱਚੋਂ 75 ਫ਼ੀਸਦੀ ਕੇਸ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਦਿੱਲੀ, ਤਿੰਲਗਾਨਾ, ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ’ਚ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 4,76,377 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਤੇ ਦੇਸ਼ ਵਿੱਚ 2,69,789 ਸਰਗਰਮ ਕੇਸ ਹਨ। ਅਧਿਕਾਰੀਆਂ ਮੁਤਾਬਕ ਹੁਣ ਤੱਕ 62.08 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ।