ਨਵੀਂ ਦਿੱਲੀ: ਬੱਚਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਇਸ ਦਾ ਸਭ ਤੋਂ ਵੱਧ ਸ਼ਿਕਾਰ ਬੱਚੇ ਹੋ ਸਕਦੇ ਹਨ। ਅਜਿਹੇ ਵਿੱਚ ਸਰਕਾਰ ਛੇਤੀ ਹੀ ਨਵੀਂ ਨੀਤੀ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਮੁਤਾਬਕ ਜਿਨ੍ਹਾਂ ਬੱਚਿਆਂ ਵਿੱਚ ਕੋਰੋਨਾਦੀ ਲਾਗ ਪਾਈ ਗਈ ਹੈ, ਜ਼ਿਆਦਾਤਰ ਵਿੱਚ ਲੱਛਣ ਨਹੀਂ ਸੀ ਦੇਖੇ ਗਏ। ਕੁੱਲ ਕੋਰੋਨਾ ਪੀੜਤ ਬੱਚਿਆਂ ਵਿੱਚੋਂ 2-3 ਫ਼ੀਸਦ ਨੂੰ ਹੀ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਪਈ। ਡਾ. ਪਾਲ ਨੇ ਦੱਸਿਆ ਕਿ ਬੱਚਿਆਂ ਵਿੱਚ ਦੋ ਤਰ੍ਹਾਂ ਦੇ ਲੱਛਣ ਦੇਖੇ ਜਾ ਰਹੇ ਹਨ। ਪਹਿਲਾ, ਬੱਚਿਆਂ ਨੂੰ ਬੁਖ਼ਾਰ, ਖੰਘ ਤੇ ਸਾਹ ਲੈਣ ਵਿੱਚ ਤਕਲੀਫ ਆਦਿ ਦੀਆਂ ਸ਼ਿਕਾਇਤਾਂ ਹਨ।
ਹਾਲਾਂਕਿ, ਕੁਝ ਬੱਚਿਆਂ ਵਿੱਚ ਨਵੇਂ ਤਰ੍ਹਾਂ ਦੇ ਲੱਛਣ ਦੇਖੇ ਜਾ ਰਹੇ ਹਨ। ਡਾ. ਵੀ.ਕੇ. ਪਾਲ ਮੁਤਾਬਕ ਕਈ ਬੱਚਿਆਂ ਵਿੱਚ ਕੋਰੋਨਾ ਤੋਂ ਤੰਦਰੁਸਤ ਹੋਣ ਦੇ 2 ਤੋਂ 6 ਹਫ਼ਤਿਆਂ ਦਰਮਿਆਨ ਬੁਖ਼ਾਰ, ਪਿੰਡੇ 'ਤੇ ਖੁਰਕ ਹੋਣਾ, ਅੱਖਾਂ ਲਾਲ ਹੋਣੀਆਂ, ਟੱਟੀਆਂ-ਉਲਟੀਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ ਲੱਛਣ ਵੀ ਦਿਖਾਈ ਦੇ ਰਹੇ ਹਨ। ਡਾ. ਪਾਲ ਮੁਤਾਬਕ ਅਜਿਹੇ ਬੱਚਿਆਂ ਵਿੱਚ ਵਾਇਰਸ ਤਾਂ ਨਹੀਂ ਪਾਇਆ ਗਿਆ ਪਰ ਲੱਛਣ ਕੋਰੋਨਾ ਜਿਹੇ ਹੀ ਹਨ। ਅਜਿਹੇ ਲੱਛਣਾਂ ਨੂੰ Multi System Inflammatory Syndrome ਆਖਿਆ ਜਾਂਦਾ ਹੈ।
ਸਰਕਾਰ ਨੇ ਇਨ੍ਹਾਂ ਨਵੇਂ ਲੱਛਣਾਂ ਨੂੰ ਦੇਖਦੇ ਹੋਏ ਮਾਹਰਾਂ ਦੀ ਕੌਮੀ ਕਮੇਟੀ ਬਣਾਈ ਹੈ, ਜੋ ਵਿਚਾਰ ਵਟਾਂਦਰੇ ਕਰ ਰਹੀ ਹੈ। ਡਾ. ਵੀ.ਕੇ. ਪਾਲ ਨੇ ਦੱਸਿਆ ਕਿ ਕਮੇਟੀ ਛੇਤੀ ਹੀ ਬੱਚਿਆਂ ਵਿੱਚ ਅਜਿਹੇ ਲੱਛਣਾਂ ਲਈ ਵਿਸ਼ੇਸ਼ ਗਾਈਡਲਾਈਨਜ਼ ਜਾਰੀ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਾਅਦ ਹੋਣ ਵਾਲੇ ਲੱਛਣਾਂ ਦਾ ਇਲਾਜ ਸੰਭਵ ਹੈ ਪਰ ਨਵੇਂ ਨਿਰਦੇਸ਼ ਬੱਚਿਆਂ ਦੀ ਦੇਖਭਾਲ ਸੁਚੱਜੇ ਢੰਗ ਨਾਲ ਕਰਨਾ ਯਕੀਨੀ ਬਣਾਉਣਗੇ।