ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਇਨਫੈਕਸ਼ਨ ਹਰ ਦਿਨ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਰਹੀ ਹੈ। ਅਜਿਹੇ 'ਚ ਕਈ ਸੂਬਿਆਂ ਨੇ ਤੀਜੇ ਗੇੜ ਦੇ ਟੀਕਾਕਰਨ ਨੂੰ ਲੈ ਕੇ ਹੱਥ ਖੜ੍ਹੇ ਕਰ ਦਿੱਤੇ ਹਨ। ਕਈ ਸੂਬਿਆਂ ਦਾ ਕਹਿਣਾ ਹੈ ਕਿ ਇੱਕ ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਨਹੀਂ ਲਾਇਆ ਜਾ ਸਕੇਗਾ, ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਵੈਕਸੀਨ ਨਹੀਂ ਹੈ। ਅਜਿਹੀ ਸਥਿਤੀ 'ਚ ਕੱਲ ਯਾਨੀ ਇੱਕ ਮਈ ਤੋਂ ਤੀਜੇ ਗੇੜ ਦੇ ਟੀਕਾਕਰਨ ਅਭਿਆਨ ਦਾ ਸ਼ੁਰੂ ਹੋਣਾ ਮੁਸ਼ਕਲ ਲੱਗ ਰਿਹਾ ਹੈ।


ਮਹਾਰਾਸ਼ਟਰ 'ਚ 25-30 ਲੱਖ ਖੁਰਾਕ ਮਿਲਣ ਤਕ ਟੀਕਾਕਰਨ ਅਭਿਆਨ ਨਹੀਂ


ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸੂਬਿਆਂ ਨੂੰ ਕੋਰੋਨਾ ਵਾਇਰਸ ਰੋਧੀ ਟੀਕੇ ਦੀਆਂ 25-30 ਲੱਖ ਸੀਸ਼ੀਆਂ ਜਦੋਂ ਤਕ ਨਹੀਂ ਮਿਲ ਜਾਂਦੀਆਂ ਉਦੋਂ ਤਕ 18-44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਅਭਿਆਨ ਸ਼ੁਰੂ ਨਹੀਂ ਕੀਤਾ ਜਾਵੇਗਾ। ਟੀਕਾਕਰਨ ਸ਼ੁਰੂ ਕਰਨ ਲਈ ਘੱਟੋ-ਘੱਟ ਪੰਜ ਦਿਨ ਦਾ ਲੋੜੀਂਦਾ ਸਟਾਕ ਹੋਣਾ ਚਾਹੀਦਾ ਹੈ। ਸੂਬਿਆਂ ਦੀ ਸਮਰੱਥਾ ਰੋਜ਼ਾਨਾ ਅੱਠ ਲੱਖ ਲੋਕਾਂ ਨੂੰ ਟੀਕਾ ਲਵਾਉਣ ਦੀ ਹੈ।


ਮਹਾਰਾਸ਼ਟਰ ਕਈ ਵਾਰ ਟੀਕਿਆਂ ਦੀ ਕਮੀ ਦੀ ਵਜ੍ਹਾ ਨਾਲ ਟੀਕਾਕਰਨ ਅਭਿਆਨ ਰੋਕਿਆ ਜਾ ਚੁੱਕਾ ਹੈ ਜੋ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਚੱਲ ਰਿਹਾ ਹੈ।


ਇਸ ਦਰਮਿਆਨ ਪਣਜੀ 'ਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵੀ ਕਿਹਾ ਕਿ ਸੂਬੇ ਨੂੰ ਜਦੋਂ ਕੋਵਿਡ ਰੋਕੂ ਖੁਰਾਕਾਂ ਮਿਲ ਜਾਣਗੀਆਂ ਤਾਂ ਉਹ 18-44 ਸਾਲ ਦੇ ਲੋਕਾਂ ਲਈ ਟੀਕਾਕਰਨ ਅਭਿਆਨ ਸ਼ੁਰੂ ਕਰੇਗਾ। ਗੋਆ ਸਰਕਾਰ ਨੇ ਕੋਵਿਸ਼ੀਲਡ ਟੀਕਾ ਬਣਾਉਣ ਵਾਲੇ ਸੀਰਮ ਇੰਸਟੀਟਿਊਟ ਆਫ ਇੰਡੀਆ ਨੂੰ ਪੰਜ ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ।


ਮੱਧ ਪ੍ਰਦੇਸ਼ 'ਚ ਤਿੰਨ ਮਈ ਤੋਂ ਬਾਅਦ ਟੀਕਾਕਰਨ


ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸੂਬੇ 'ਚ ਇਕ ਮਈ ਤੋਂ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਜਾਣਾ ਸੀ। ਪਰ ਟੀਕਾ ਨਿਰਮਾਤਾ ਕੰਪਨੀਆਂ ਤੋਂ ਟੀਕਾ ਪ੍ਰਾਪਤ ਨਾ ਹੋਣ ਕਾਰਨ ਇਹ ਅਭਿਆਨ ਇਕ ਮਈ ਤੋਂ ਸ਼ੁਰੂ ਨਹੀਂ ਕੀਤਾ ਜਾ ਸਕੇਗਾ। ਸੂਬੇ 'ਚ ਤਿੰਨ ਮਈ ਨੂੰ ਟੀਕਿਆਂ ਦੀ ਖੁਰਾਕ ਮਿਲਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਇਸ ਉਮਰ ਵਰਗ ਦਾ ਟੀਕਾਕਰਨ ਦਾ ਕੰਮ ਕੀਤਾ ਜਾਵੇਗਾ।


ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਵੀ ਟੀਕੇ ਦੀ ਕਮੀ


ਟੀਕੇ ਦੀ ਕਮੀ ਨਾਲ ਜੂਝ ਰਹੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 'ਚ ਵੀ ਟੀਕਾਕਰਨ ਅਭਿਆਨ ਦੇ ਨਵੇਂ ਗੇੜ ਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਤੇਲੰਗਾਨਾ ਜਨ ਸਿਹਤ ਦੇ ਮਹਾਂਨਿਰਦੇਸ਼ਕ ਜੀ ਸ੍ਰੀਨਿਵਾਸ ਰਾਵ ਨੇ ਕਿਹਾ ਕਿ ਸੂਬਾ ਸਰਕਾਰ ਟੀਕਾ ਨਿਰਮਾਤਾਵਾਂ ਦੇ ਸੰਪਰਕ 'ਚ ਹੈ ਪਰ ਇਸ ਨੂੰ ਲੈਕੇ ਕੁਝ ਤੈਅ ਨਹੀਂ ਕਿ ਟੀਕਾਕਰਨ ਲਈ ਸਟੌਕ ਕਦੋਂ ਉਪਲਬਧ ਹੋਵੇਗਾ। ਟੀਕਾਕਰਨ ਅਭਿਆਨ ਸ਼ੁਰੂ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਅਸੀਂ ਟੀਕੇ ਦੀ ਤਲਾਸ਼ 'ਚ ਹਾਂ। ਸਾਨੂੰ ਕਰੀਬ ਚਾਰ ਕਰੋੜ ਖੁਰਾਕਾਂ ਦੀ ਲੋੜ ਹੈ।


ਪੰਜਾਬ, ਗੁਜਰਾਤ 'ਚ ਟੀਕਾਕਰਨ ਨੂੰ ਲੈ ਕੇ ਕੁਝ ਵੀ ਤੈਅ ਨਹੀਂ


ਪੰਜਾਬ ਤੇ ਗੁਜਰਾਤ ਇਕ ਮਈ ਤੋਂ ਟੀਕਾਕਰਨ ਨੂੰ ਲੈਕੇ ਸ਼ਸ਼ੋਪੰਜ 'ਚ ਹਨ। ਕਿਉਂਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਵਾਇਰਸ  ਰੋਕੂ ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, 'ਸਾਨੂੰ ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਮਿਲ ਰਹੀਆਂ। ਇਸ ਲਈ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਕਾਕਰਨ ਲਈ ਸਾਡੇ ਕੋਲ ਲੋੜੀਂਦੇ ਕਰਮਚਾਰੀ ਤੇ ਹਰ ਤਰ੍ਹਾਂ ਦੀ ਵਿਵਸਥਾ ਹੈ।'


ਗੁਜਰਾਤ ਸਰਕਾਰ ਨੇ ਕਿਹਾ ਕਿ ਦਵਾਈ ਕੰਪਨੀਆਂ ਤੋਂ ਲੋੜੀਂਦੀ ਸੰਖਿਆ 'ਚ ਟੀਕਾ ਮਿਲਣ 'ਤੇ ਹੀ ਉਹ ਤੀਜੇ ਗੇੜ ਦਾ ਟੀਕਾਕਰਨ ਅਭਿਆਨ ਸ਼ੁਰੂ ਕਰਨਗੇ। ਫਿਲਹਾਲ ਸੂਬੇ 'ਚ 18 ਤੋਂ 45 ਸਾਲ ਤਕ ਦੇ ਲੋਕਾਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।


ਜੰਮੂ 'ਚ ਟੀਕਾਕਰਨ 20 ਮਈ ਦੇ ਆਸਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ 'ਚ ਇਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਰੋਨਾ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ। ਜੰਮੂ-ਕਸ਼ਮੀਰ 'ਚ ਵੈਕਸੀਨ ਉਪਲਬਧ ਨਾ ਹੋਣ ਕਾਰਨ 20 ਮਈ ਦੇ ਆਸਪਾਸ ਟੀਕਾਕਰਨ ਸ਼ੁਰੂ ਹੋਵੇਗਾ।


ਦਿੱਲੀ ਕੋਲ ਵੀ ਟੀਕੇ ਨਹੀਂ


ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀ ਕਿਹਾ ਕਿ ਟੀਕਾਕਰਨ ਲਈ ਸ਼ਹਿਰ ਕੋਲ ਟੀਕੇ ਨਹੀਂ ਹੈ। ਟੀਕਿਆਂ ਦੀ ਖਰੀਦ ਲਈ ਉਤਪਾਦਕਾਂ ਨੂੰ ਆਰਡਰ ਦੇ ਦਿੱਤੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ।


ਬਿਹਾਰ ਕੋਲ ਵੀ ਵੈਕਸੀਨ ਨਹੀਂ


ਬਿਹਾਰ ਚ ਪਹਿਲੀ ਮਈ ਤੋਂ ਟੀਕਾਕਰਨ ਨਹੀਂ ਹੋ ਸਕੇਗਾ। ਬਿਹਾਰ ਸਟੇਟ ਹੈਲਥ ਸੋਸਾਇਟੀ ਵੱਲੋਂ ਕਿਹਾ ਗਿਆ ਕਿ ਦੂਜੇ ਹਫਤੇ ਤੋਂ 18 ਸਾਲ ਤੋਂ ਉੱਪਰ ਵਾਲਿਆਂ ਨੂੰ ਕੋਰੋਨਾ ਦਾ ਟੀਕਾ ਲੱਗੇਗਾ। ਬਿਹਾਰ ਚ 18-45 ਸਾਲ ਦੇ ਲੋਕਾਂ ਦੀ ਆਬਾਦੀ 5.46 ਕਰੋੜ ਹੈ।