ਨਵੀਂ ਦਿੱਲੀ: ਇਸ ਸਮੇਂ ਦੇਸ਼ 'ਚ ਕੋਰੋਨਾ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ 'ਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਮੰਗਲਵਾਰ ਸਰਕਾਰ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ 'ਚ ਪੇਂਡੂ ਖੇਤਰ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਨੇ ਦੱਸਿਆ ਕਿ ਇਸ ਸਮੇਂ ਦੇਸ਼ ਭਰ ਦੇ 700 ਵਿੱਚੋਂ 533 ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲ ਰਹੀ ਹੈ।


ਜ਼ਿਲ੍ਹੇ 'ਚ ਪੌਜ਼ੇਟੀਵਿਟੀ ਰੇਟ ਵੀ 10 ਫੀਸਦ ਤੋਂ ਜ਼ਿਆਦਾ ਹੈ। ਇਸ ਸਮੇਂ ਦੇਸ਼ 'ਚ 13 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆ ਇੱਕ ਲੱਖ ਤੋਂ ਉੱਪਰ ਹੈ। ਉੱਥੇ ਹੀ 6 ਅਜਿਹੇ ਸੂਬੇ ਹਨ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆਂ 50 ਹਜ਼ਾਰ ਹੈ। ਜਦਕਿ 17 ਸੂਬਿਆਂ 'ਚ ਐਕਟਿਵ ਮਾਮਲਿਆਂ ਦੀ ਸੰਖਿਆਂ 50 ਹਜ਼ਾਰ ਤੋਂ ਘੱਟ ਹੈ। ਦੇਸ਼ 'ਚ ਕੁੱਲ ਐਕਟਿਵ ਮਾਮਲਿਆਂ ਦੀ ਸੰਖਿਆਂ 37 ਲੱਖ ਤੋਂ ਜ਼ਿਆਦਾ ਹੋ ਗਈ ਹੈ।


ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਰਗਵ ਨੇ ਦੱਸਿਆ ਕਿ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਅਜਿਹੇ 'ਚ ਟੈਸਟਿੰਗ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਰੈਪਿਡ ਐਂਟੀਜਨ ਟੈਸਟ 'ਤੇ ਧਿਆਨ ਦੇਣਾ ਚਾਹੀਦਾ ਹੈ। ਤਾਂ ਕਿ ਛੇਤੀ ਤੋਂ ਛੇਤੀ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈਕੇ ਚਿੰਤਾ ਜਤਾਈ ਹੈ।


ਕੇਂਦਰ ਨੂੰ ਕੀਤੀ ਰੈਪਿਡ ਟੈਸਟ ਕਰਾਉਣ ਦੀ ਅਪੀਲ


ਉਨ੍ਹਾਂ ਕਿਹਾ, 'ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਸਾਨੂੰ ਰੈਪਿਡ ਟੈਸਟ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਸਾਰੇ ਲੋਕਾ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਹੌਲੀ-ਹੌਲੀ ਪੇਂਡੂ ਖੇਤਰਾਂ 'ਚ ਵੀ ਪੈਰ ਪਸਾਰ ਰਿਹਾ ਹੈ। ਜੇਕਰ ਸਮਾਂ ਰਹਿੰਦਿਆਂ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਭਾਰੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਕੇਂਦਰ ਤੋਂ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ 'ਚ ਰੈਪਿਡ ਟੈਸਟ ਕਰਨ ਦੀ ਵਿਵਸਥਾ ਸਥਾਪਤ ਕਰਨ ਦੀ ਅਪੀਲ ਵੀ ਕੀਤੀ ਹੈ।'