ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨਵੇਂ ਸਾਲ ਮੌਕੇ ਪਾਬੰਦੀਆਂ ਲਾਉਣ ਬਾਰੇ ਰਾਜ ਸਰਕਾਰਾਂ ਨੂੰ ਲਿਖਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਨਵੇਂ ਸਾਲ ਮੌਕੇ ਹੋਣ ਵਾਲੀਆਂ ਪਾਰਟੀਆਂ ਤੇ ਹੋਰ ਸਮਾਰੋਹਾਂ ਬਾਰੇ ਸੁਚੇਤ ਕੀਤਾ ਹੈ। ਇਸ ਬਾਰੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਹਵਾਲਾ ਦਿੱਤਾ ਗਿਆ ਹੈ।

ਇਸ 'ਚ ਉਨ੍ਹਾਂ ਨੇ ਸਾਰੇ ਸੂਬਿਆਂ ਨੂੰ ਕੋਰੋਨਾ ਵਾਇਰਸ ਦੇ ਵਧਦੇ ਪ੍ਰਸਾਰ ਨੂੰ ਦੇਖਦਿਆਂ ਨਸੀਹਤ ਦਿੱਤੀ ਹੈ ਕਿ ਨਵੇਂ ਸਾਲ ਦੇ ਜਸ਼ਨਾਂ 'ਤੇ ਸਖਤ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਥਾਵਾਂ 'ਤੇ ਸਖਤ ਨਿਗਰਾਨੀ ਰੱਖੀ ਜਾਵੇ ਜਿੱਥੇ ਭੀੜ ਹੋਵੇ। ਸਿਹਤ ਸਕੱਤਰ ਨੇ ਗ੍ਰਹਿ ਸਕੱਤਰ ਵੱਲੋਂ ਇਸੇ ਸਬੰਧੀ 28 ਦਸੰਬਰ ਨੂੰ ਸਾਰੇ ਸੂਬਿਆਂ ਦੇ ਮੁਖੀਆਂ ਨੂੰ ਲਿਖੇ ਪੱਤਰ ਦਾ ਵੀ ਜ਼ਿਕਰ ਕੀਤਾ।

ਉਸ 'ਚ ਕਿਹਾ ਗਿਆ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਆਪਣੇ ਪੱਧਰ 'ਤੇ ਸਥਿਤੀ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਪ੍ਰਬੰਧ ਲਾਗੂ ਕਰ ਸਕਦੇ ਹਨ। ਇਨ੍ਹਾਂ 'ਚ ਨਾਈਟ ਕਰਫਿਊ ਵੀ ਸ਼ਾਮਲ ਹੈ। ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਉਹ ਆਪਣੇ ਸਥਾਨਕ ਹਾਲਾਤ ਤੇ ਪ੍ਰਬੰਧਾਂ ਦੀ ਸਮੀਖਿਆ ਕਰਕੇ 30 ਦਸੰਬਰ, 31 ਤੇ 1 ਜਨਵਰੀ ਨੂੰ ਸਥਾਨਕ ਪੱਧਰ 'ਤੇ ਪਾਬੰਦੀਆਂ ਲਾਗੂ ਕਰ ਸਕਦੇ ਹਨ।