ਨਵੀਂ ਦਿੱਲੀ: ਦੇਸ਼ 'ਚ ਪਿਛਲੇ 24 ਘੰਟੇ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ 56,211 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 271 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ 37,028 ਲੋਕ ਠੀਕ ਵੀ ਹੋਏ ਹਨ। ਜਾਣੋ ਅੱਜ ਦੇ ਤਾਜ਼ਾ ਹਾਲਾਤ ਕੀ ਹਨ:



ਕੁੱਲ ਕੇਸ : 1 ਕਰੋੜ 20 ਲੱਖ 95 ਹਜ਼ਾਰ 855
ਕੁੱਲ ਠੀਕ ਹੋਏ ਮਰੀਜ਼- 1 ਕਰੋੜ 13 ਲੱਖ 93 ਹਜ਼ਾਰ 201
ਕੁੱਲ ਐਕਟਿਵ ਮਾਮਲੇ - 5 ਲੱਖ 40 ਹਜ਼ਾਰ 720
ਕੁੱਲ ਮੌਤਾਂ - 1 ਲੱਖ 62 ਹਜ਼ਾਰ 114
ਕੁੱਲ ਟੀਕਾਕਰਣ - 6 ਕਰੋੜ 11 ਲੱਖ 13 ਹਜ਼ਾਰ 354
ਬੀਤੇ ਦਿਨ 7 ਲੱਖ 85 ਹਜ਼ਾਰ 864 ਸੈਂਪਲਾਂ ਦੀ ਜਾਂਚ ਕੀਤੀ ਗਈ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੱਸਿਆ ਹੈ ਕਿ 29 ਮਾਰਚ ਤਕ ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ 24 ਕਰੋੜ 26 ਲੱਖ 50 ਹਜ਼ਾਰ 25 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 7 ਲੱਖ 85 ਹਜ਼ਾਰ 864 ਸੈਂਪਲਾਂ ਦੀ ਜਾਂਚ ਬੀਤੇ ਦਿਨੀਂ 29 ਮਾਰਚ ਨੂੰ ਕੀਤੀ ਗਈ।

ਇਕੱਲੇ ਮਹਾਰਾਸ਼ਟਰ 'ਚ 63 ਫ਼ੀਸਦੀ ਐਕਵਿਟ ਮਾਮਲੇ
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ 8 ਸੂਬਿਆਂ ਮਹਾਰਾਸ਼ਟਰ, ਕਰਨਾਟਕ, ਪੰਜਾਬ, ਮੱਧ ਪ੍ਰਦੇਸ਼, ਗੁਜਰਾਤ, ਕੇਰਲ, ਤਾਮਿਲਨਾਡੂ ਤੇ ਛੱਤੀਸਗੜ੍ਹ 'ਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ 8 ਸੂਬਿਆਂ ਤੋਂ ਨਵੇਂ ਮਾਮਲਿਆਂ ਦਾ ਯੋਗਦਾਨ ਲਗਭਗ 86 ਫ਼ੀਸਦੀ ਹੈ। ਦੇਸ਼ 'ਚ ਇਕੱਲੇ ਮਹਾਂਰਾਸ਼ਟਰ 'ਚ ਕੋਰੋਨਾ ਵਾਇਰਸ ਦੇ 63 ਫ਼ੀਸਦੀ ਐਕਟਿਵ ਕੇਸ ਹਨ।

ਸਕੂਲ-ਕਾਲਜਾਂ 'ਚ ਪੜ੍ਹਾਈ ਪ੍ਰਭਾਵਤ ਹੋਈ
ਦਿੱਲੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਕ ਵਾਰ ਫਿਰ ਵੱਧ ਰਹੇ ਕੋਰੋਨਾ ਲਾਗ ਕਾਰਨ ਛੋਟੀਆਂ ਜਮਾਤਾਂ ਲਈ ਫਿਲਹਾਲ ਸਕੂਲ ਨਹੀਂ ਖੋਲ੍ਹੇ ਜਾਣਗੇ। ਦਿੱਲੀ ਤੋਂ ਇਲਾਵਾ ਪੰਜਾਬ, ਪੁੱਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਛੱਤੀਸਗੜ੍ਹ, ਹਰਿਆਣਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਨੇ ਵੀ ਫਿਲਹਾਲ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਪੰਜਾਬ ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 4 ਮਈ ਤੇ 20 ਅਪ੍ਰੈਲ ਤੋਂ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਕਰ ਦਿੱਤੇ ਗਏ ਹਨ। ਸਟੇਟ ਬੋਰਡ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ 4 ਮਈ ਤੇ 20 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ।

ਗੁਜਰਾਤ ਸਰਕਾਰ ਨੇ ਅਹਿਮਦਾਬਾਦ, ਰਾਜਕੋਟ, ਵਡੋਦਰਾ, ਸੂਰਤ, ਭਾਵਨਗਰ, ਗਾਂਧੀਨਗਰ, ਜਾਮਨਗਰ ਤੇ ਜੂਨਾਗੜ੍ਹ ਦੇ ਸਾਰੇ ਸਕੂਲਾਂ ਨੂੰ 10 ਅਪ੍ਰੈਲ ਤਕ ਸਿਰਫ਼ ਆਨਲਾਈਨ ਕਲਾਸਾਂ ਲਾਉਣ ਲਈ ਕਿਹਾ ਹੈ। ਤਾਮਿਲਨਾਡੂ ਸਰਕਾਰ ਨੇ ਵੀ ਸੂਬੇ ਦੇ ਸਾਰੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ