Coronavirus: ਸਮੁੱਚਾ ਦੇਸ਼ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 2.91 ਲੱਖ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ 30 ਲੱਖ 27 ਹਜ਼ਾਰ 925 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ਵਿੱਚ ਜਦ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ, ਤਦ ਤੋਂ ਹੀ ਵਿਸ਼ਵ ਸਿਹਤ ਸੰਗਠਨ (WHO) ਨੂੰ ਲੈ ਕੇ ਦੇਸ਼ ਦੀਆਂ ਸਰਕਾਰਾਂ ਤੱਕ ਲੋਕਾਂ ਨੂੰ ਮਾਸਕ ਪਹਿਨਣ ਦੀਆਂ ਹਦਾਇਤਾਂ ਜਾਰੀ ਕਰ ਰਹੀਆਂ ਹਨ। ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਬਾਵਜੂਦ ਲੋਕ ਸੁਧਰਨ ਨੂੰ ਤਿਆਰ ਨਹੀਂ ਹਨ।

 

64% ਲੋਕ ਮੂੰਹ ਢਕਦੇ ਹਨ, ਨੱਕ ਨਹੀਂ
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇੱਕ ਅਧਿਐਨ ਦੇ ਨਤੀਜਿਆਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ 50 ਫ਼ੀ ਸਦੀ ਲੋਕ ਹਾਲੇ ਵੀ ਮਾਸਕ ਨਹੀਂ ਪਹਿਨਦੇ, ਜਦ ਕਿ ਕੋਰੋਨਾ ਦੀ ਦੂਜੀ ਲਹਿਰ ਹੁਣ ਲਗਭਗ ਸਾਰੇ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਹੀ ਹੈ। ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਕਿ 64 ਫ਼ੀਸਦੀ ਲੋਕ ਅਜਿਹੇ ਹਨ, ਜੋ ਮਾਸਕ ਤਾਂ ਪਹਿਨਦੇ ਹਨ ਪਰ ਸਿਰਫ਼ ਆਪਣਾ ਮੂੰਹ ਢੱਕਣ ਲਈ, ਉਹ ਆਪਣਾ ਨੱਕ ਕਦੇ ਢਕਦੇ ਹੀ ਨਹੀਂ।

 

ਮਾਸਕ ਨੂੰ ਗਰਦਨ ’ਤੇ ਲਟਕਾ ਕੇ ਰੱਖਦੇ ਹਨ 2 ਫ਼ੀਸਦੀ ਲੋਕ
ਅਧਿਐਨ ’ਚ ਕਿਹਾ ਗਿਆ ਹੈ ਕਿ ਸਿਰਫ਼ 14 ਫ਼ੀਸਦੀ ਲੋਕ ਹੀ ਸਹੀ ਤਰੀਕੇ ਨਾਲ ਮਾਸਕ ਪਹਿਨਦੇ ਹਨ; ਜਿਸ ਵਿੱਚ ਨੱਕ, ਮੂੰਹ ਤੇ ਠੋਡੀ ਢਕੇ ਹੁੰਦੇ ਹਨ। ਇੰਝ ਹੀ 20 ਫ਼ੀਸਦੀ ਲੋਕ ਸਿਰਫ਼ ਠੋਡੀ ਉੱਤੇ ਮਾਸਕ ਪਹਿਨਦੇ ਹਨ ਤੇ ਦੋ ਫ਼ੀਸਦੀ ਮਾਸਕ ਨੂੰ ਗਰਦਨ ਉੱਤੇ ਲਟਕਾ ਕੇ ਰੱਖਦੇ ਹਨ।

 

ਪਿਛਲੇ 19 ਦਿਨਾਂ ’ਚ ਹੋਈਆਂ 75,000 ਤੋਂ ਵੱਧ ਮੌਤਾਂ
ਗ਼ੌਰਤਲਬ ਹੈ ਕਿ ਮਈ 2021 ’ਚ ਕੋਰੋਨਾ ਦੀ ਅਜਿਹੀ ਦਹਿਸ਼ਤ ਫੈਲੀ ਕਿ ਸਿਰਫ਼ 19 ਦਿਨਾਂ ਵਿੱਚ ਇਸ ਮਹਾਮਾਰੀ ਨੇ 75,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। ਇਸ ਤੋਂ ਬਾਅਦ ਦੱਖਣੀ ਰਾਜ ਕਰਨਾਟਕ, ਫਿਰ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ’ਚ ਹੋਈਆਂ। ਮਹਾਰਾਸ਼ਟਰ ’ਚ ਪਿਛਲੇ 19 ਦਿਨਾਂ ਅੰਦਰ 15 ਹਜ਼ਾਰ 558 ਵਿਅਕਤੀਆਂ ਦੀ ਮੌਤ ਹੋਈ; ਜਦ ਕਿ ਕਰਨਾਟਕ ’ਚ 7 ਹਜ਼ਾਰ 783, ਦਿੱਲੀ ’ਚ 6 ਹਜ਼ਾਰ 199, ਉੱਤਰ ਪ੍ਰਦੇਸ਼ ’ਚ 5 ਹਜ਼ਾਰ 782 ਤੇ ਤਾਮਿਲ ਨਾਡੂ ’ਚ 4 ਹਜ਼ਾਰ 688 ਵਿਅਕਤੀ ਮਾਰੇ ਗਏ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ