ਸ਼ਿਮਲਾ: ਕੋਰੋਨਾ ਵਾਇਰਸ ਦੇ ਦੌਰ ਅੰਦਰ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਅਜਿਹੇ ਲੋਕ ਹਨ ਜੋ ਨਿਸਵਾਰਥ ਭਾਵਨਾ ਨਾਲ ਲੋਕਾਂ ਦੀ ਸੇਵਾ 'ਚ ਜੁੱਟੇ ਹਨ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ। ਅਜਿਹੀ ਘਟਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜਿੱਥੇ ਕੋਰੋਨਾ ਪੌਜ਼ੇਟਿਵ ਔਰਤ ਨੂੰ ਉਸ ਦੇ ਦੋ ਸਾਲ ਦੇ ਬੱਚੇ ਤੇ ਪਤੀ ਨਾਲ ਇਕ ਟੈਕਸੀ 'ਚ ਰਹਿਣ ਲਈ ਮਜਬੂਰ ਕੀਤਾ ਗਿਆ।


ਇਸ ਔਰਤ ਨੂੰ ਕੋਰੋਨਾ ਪੌਜ਼ੇਟਿਵ ਹੋਣ 'ਤੇ ਮਕਾਨ ਮਾਲਕ ਨੇ ਪੂਰੇ ਪਰਿਵਾਰ ਨੂੰ ਕਿਰਾਏ ਦੇ ਮਕਾਨ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਔਰਤ ਦਾ ਪਤੀ ਪਰਸਾਰਾਮ ਟੈਕਸੀ ਡਰਾਇਵਰ ਹੈ। ਉਹ ਆਪਣੇ ਪਤੀ ਨਾਲ ਸ਼ਿਮਲਾ ਗਈ ਸੀ ਜਿੱਥੇ ਜਾਂਚ ਦੌਰਾਨ ਉਸ ਨੂੰ ਕੋਵਿਡ ਪੌਜ਼ੇਟਿਵ ਪਾਇਆ ਗਿਆ।


ਇਸ ਤੋਂ ਬਾਅਦ ਡਾਕਟਰਾਂ ਨੇ ਉਕਤ ਔਰਤ ਨੂੰ ਇਕੱਲਿਆਂ ਰਹਿਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਕਿਰਾਏ ਦੇ ਮਕਾਨ 'ਚ ਪਹੁੰਚਣ ਮਗਰੋਂ ਮਕਾਨ ਮਾਲਕ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਮਕਾਨ ਮਾਲਕ ਨੇ ਪਰਸਾਰਾਮ ਤੇ ਪਰਿਵਾਰ ਨੂੰ ਕਿਤੇ ਹੋਰ ਰਹਿਣ ਦੀ ਸਲਾਹ ਦਿੱਤੀ ਤੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।


ਇਸ ਮੁਸ਼ਕਿਲ ਘੜੀ 'ਚ ਕੋਈ ਵੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ ਤਾਂ ਉਹ ਆਪਣੀ ਪਤਨੀ ਨਾਲ ਦੋ ਸਾਲ ਦੇ ਬੇਟੇ ਨੂੰ ਲੈਕੇ ਆਪਣੀ ਟੈਕਸੀ 'ਚ ਰਹਿਣ ਲਈ ਮਜਬੂਰ ਹੋਇਆ। ਦੋ ਦਿਨ ਬਾਅਦ ਪਰਸਾਰਾਮ ਕਿਸੇ ਤਰ੍ਹਾਂ ਡੀਐਸਪੀ ਗੀਤਾਂਜਲੀ ਠਾਕੁਰ ਤੋਂ ਮਦਦ ਲੈਣ 'ਚ ਕਾਮਯਾਬ ਹੋਇਆ।


ਉਸ ਦੀ ਮੁਸ਼ਕਿਲ ਸੁਣਦਿਆਂ ਡੀਐਸਪੀ ਨੇ ਪਰਸਰਾਮ ਦੀ ਸਹਾਇਤਾ ਕਰਦਿਆਂ ਮਕਾਨ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਘਰ 'ਚ ਦਾਖਲ ਹੋਣ ਦਿੱਤਾ ਗਿਆ। ਏਨਾ ਹੀ ਨਹੀਂ ਡੀਐਸਪੀ ਨੇ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਵੀ ਕੀਤਾ।