ਨਵੀਂ ਦਿੱਲੀ: ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਨੇ ਬੀਤੇ ਕੱਲ੍ਹ ਜਾਰੀ ਰਿਪੋਰਟ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਪੂਰੇ ਮੁਲਕ ਵਿੱਚੋਂ ਸਭ ਤੋਂ ਜ਼ਿਆਦਾ ਅਪਰਾਧਕ ਗਤੀਵਿਧੀਆਂ ਵਾਲਾ ਸ਼ਹਿਰ ਹੈ। ਐਨ.ਸੀ.ਆਰ.ਬੀ. ਦੀ ਰਿਪੋਰਟ ਮੁਤਾਬਕ ਸਾਲ 2016 ਵਿੱਚ ਭਾਰਤੀ ਦੰਡ ਪ੍ਰਣਾਲੀ (ਆਈ.ਪੀ.ਸੀ.) ਤਹਿਤ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹੋ ਰਹੇ ਅਪਰਾਧਾਂ ਵਿੱਚੋਂ 38.8 ਫ਼ੀਸਦੀ ਹਿੱਸੇਦਾਰੀ ਨਾਲ ਦਿੱਲੀ ਇਸ ਸੂਚੀ ਦੇ ਸਿਖਰ 'ਤੇ ਹੈ।


ਇਸ ਤੋਂ ਬਾਅਦ 8.9 ਫ਼ੀਸਦ ਅਪਰਾਧ ਨਾਲ ਬੰਗਲੁਰੂ ਦਾ ਨਾਂ ਆਉਂਦਾ ਹੈ ਤੇ ਤੀਜੇ ਸਥਾਨ 'ਤੇ ਮੁੰਬਈ ਹੈ, ਜਿੱਥੇ ਦੇਸ਼ ਦੀ 7.7 ਫ਼ੀਸਦ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਦੱਸਦੀ ਹੈ ਕਿ ਪੂਰੇ ਦੇਸ਼ ਵਿੱਚ ਸਾਲ 2016 ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 2.6 ਫ਼ੀਸਦੀ ਅਪਰਾਧ ਦੇ ਮਾਮਲੇ ਵਧੇ ਹਨ।

ਪੂਰੇ ਦੇਸ਼ ਵਿੱਚ 2015 ਵਿੱਚ ਬਲਾਤਕਾਰ, ਕਤਲ ਤੇ ਅਗਵਾ ਆਦਿ ਦੇ ਕੁੱਲ 47,10,676 ਜੁਰਮ ਸਾਹਮਣੇ ਆਏ ਸਨ। ਇਸ ਤੋਂ ਇੱਕ ਸਾਲ ਬਾਅਦ ਇਹ ਗਿਣਤੀ 48,31,515 ਹੋ ਗਈ ਹੈ।

ਸੂਬਿਆਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਕ੍ਰਾਈਮ ਦਰਜ ਕੀਤਾ ਗਿਆ ਹੈ। ਇੱਥੇ ਸਭ ਤੋਂ ਜ਼ਿਆਦਾ 9.5 ਫ਼ੀਸਦੀ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ 8.9 ਫ਼ੀਸਦ ਤੇ ਮਹਾਰਾਸ਼ਟਰ ਵਿੱਚ 8.8 ਫ਼ੀਸਦ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ।

ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2016 ਦੌਰਾਨ ਕਤਲ ਤੇ ਔਰਤਾਂ ਵਿਰੁੱਧ ਜੁਰਮ ਵਰਗੇ ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ ਵਿੱਚ ਹੀ ਦਰਜ ਕੀਤੇ ਗਏ ਹਨ। ਯੂ.ਪੀ. ਵਿੱਚ ਇਸੇ ਸਾਲ ਦੌਰਾਨ ਕੁੱਲ 4,889 ਕਤਲ ਮਾਮਲੇ ਉਜਾਗਰ ਹੋਏ ਹਨ, ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ 16.1 ਫ਼ੀਸਦ ਹੈ। ਯੂ.ਪੀ. ਤੋਂ ਬਾਅਦ ਬਿਹਾਰ ਕਤਲ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹੈ। ਇੱਥੇ ਇਸ ਸਾਲ ਦੌਰਾਨ 2,581 (8.4 ਫ਼ੀਸਦੀ) ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਸਾਲ 2015 ਦੇ ਮੁਕਾਬਲੇ 2016 ਵਿੱਚ ਪੂਰੇ ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵਿੱਚ 12.4 ਫ਼ੀਸਦੀ ਵਾਧਾ ਹੋਇਆ ਹੈ। ਅੰਕੜੇ ਦੱਸੇ ਹਨ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਇਸੇ ਵਰ੍ਹੇ 49, 262 ਅਪਰਾਧ ਔਰਤਾਂ ਵਿਰੋਧੀ ਦਰਜ ਕੀਤੇ ਗਏ ਹਨ, ਜੋ ਕੁੱਲ ਮਾਮਲਿਆਂ ਦਾ 14.5 ਫ਼ੀਸਦੀ ਹੈ। ਔਰਤਾਂ ਵਿਰੁੱਧ ਜੁਰਮਾਂ ਵਿੱਚ ਅਗਲਾ ਸਥਾਨ ਪੱਛਮੀ ਬੰਗਾਲ ਦਾ ਆਉਂਦਾ ਹੈ। ਇੱਥੇ 32,513 ਮਾਮਲੇ ਦਰਜ ਕੀਤੇ ਗਏ ਜੋ ਕੁੱਲ ਜੁਰਮ ਦਾ 9.6 ਫ਼ੀਸਦੀ ਹੈ।