ਜੰਮੂ: ਇੱਥੇ ਇੱਕ 24 ਸਾਲਾ ਮਹਿਲਾ ਨੇ ਸੀਆਰਪੀਐਫ ਕੈਂਪ ਦੇ ਜਵਾਨਾਂ ’ਤੇ ਉਸ ਨੂੰ ਗਲਤ ਢੰਗ ਨਾਲ ਬੰਦੀ ਬਣਾਉਣ ਤੇ ਬਲਾਤਕਾਰ ਦਾ ਇਲਜ਼ਾਮ ਲਾਉਂਦਿਆਂ ਪੁਲਿਸ ਨੂੰ ਇਸ ਸਬੰਧੀ ਮਾਮਲਾ ਦਰਜ ਕਰਨ ਤੇ ਜਲ਼ਦੀ ਕਾਰਵਾਈ ਸ਼ੁਰੂ ਕਰਨ ਲਈ ਜ਼ੋਰ ਪਾਇਆ ਹੈ।

 

ਪੁਲਿਸ ਮੁਤਾਬਕ ਪੁਣਛ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਇਸ ਮਹਿਲਾ ਨੇ ਸ਼ੁੱਕਰਵਾਰ ਦੋਮਾਨਾ ਦੇ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਾਈ ਹੈ। ਇਸ ਵਿੱਚ ਉਸ ਨੇ ਇਲਜ਼ਾਮ ਲਾਇਆ ਕਿ 10 ਮਾਰਚ ਨੂੰ ਸੀਆਰਪੀਐਫ ਦੇ 3 ਜਵਾਨ ਉਸ ਦਾ ਰਸਤਾ ਰੋਕ ਕੇ ਉਸ ਨੂੰ ਕੈਂਪ ਦੇ ਅੰਦਰ ਲੈ ਗਏ ਤੇ ਉਨ੍ਹਾਂ ਵਿੱਚੋਂ ਇੱਕ ਨੇ ਉਸ ਨਾਲ ਬਲਾਤਕਾਰ ਕੀਤਾ।

ਔਰਤ ਨੇ ਜਵਾਨਾਂ ’ਤੇ ਉਸ ਨੂੰ ਧਮਕਾਉਣ ਦੇ ਵੀ ਇਲਜ਼ਾਮ ਮੜ੍ਹੇ। ਉਸ ਨੇ ਦੱਸਿਆ ਕਿ ਜਵਾਨਾਂ ਨੇ ਘਟਨਾ ਦੀ ਵੀਡੀਓ ਬਣਾਈ ਹੈ ਤੇ ਉਸ ਨੂੰ ਧਮਕਾਇਆ ਗਿਆ ਹੈ ਕਿ ਜੇ ਉਸ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦੇਣਗੇ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਤੇ ਬੰਦੀ ਬਣਾਉਣ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਅਣਪਛਾਤੇ ਅਧਿਕਾਰੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਨਤੀਜੇ ਦੇ ਆਧਾਰ ’ਤੇ ਬਾਅਦ ਵਿੱਚ ਸੂਚਨਾ ਤੇ ਤਕਨਾਲੋਜੀ ਐਕਟ ਤਹਿਤ ਹੋਰ ਦੋਸ਼ਾਂ ਨੂੰ ਵੀ ਐਫਆਈਆਰ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।