Cyclone Dana: ਭਾਰਤੀ ਮੌਸਮ ਵਿਭਾਗ ਨੇ ਸੋਮਵਾਰ (21 ਅਕਤੂਬਰ) ਨੂੰ ਚਿਤਾਵਨੀ ਜਾਰੀ ਕਰਦਿਆਂ ਹੋਇਆਂ ਕਿਹਾ ਸੀ ਕਿ ਬੰਗਾਲ ਦੀ ਖਾੜੀ 'ਚ ਬਣਨ ਵਾਲਾ ਘੱਟ ਦਬਾਅ ਵਾਲਾ ਖੇਤਰ ਬੁੱਧਵਾਰ ਨੂੰ ਚੱਕਰਵਾਤੀ ਤੂਫਾਨ ਦਾਨਾ 'ਚ ਬਦਲ ਜਾਵੇਗਾ। ਇਸ ਤੋਂ ਬਾਅਦ ਇਹ ਤੂਫਾਨ ਇੱਕ ਦਿਨ ਦੇ ਅੰਦਰ ਉੜੀਸਾ ਅਤੇ ਪੱਛਮੀ ਬੰਗਾਲ ਦੇ ਨਾਲ ਲੱਗਦੇ ਤੱਟਾਂ ਤੱਕ ਪਹੁੰਚ ਜਾਵੇਗਾ।


ਮੌਸਮ ਵਿਭਾਗ ਨੇ ਕਿਹਾ ਸੀ ਕਿ ਇਸ ਦੌਰਾਨ ਦੋਵਾਂ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਤੱਟਵਰਤੀ ਖੇਤਰਾਂ ਦੇ ਮਛੇਰਿਆਂ ਨੂੰ ਇਸ ਹਫ਼ਤੇ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੋਵਾਂ ਨੇ ਇਸ ਤੂਫਾਨ ਨਾਲ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਹਨ।



ਚੱਕਰਵਾਤ ਦੇ ਡਰ ਨੂੰ ਦੇਖਦਿਆਂ ਹੋਇਆਂ ਓਡੀਸ਼ਾ 'ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਸਰਕਾਰੀ ਮੁਲਾਜ਼ਮਾਂ ਦੀਆਂ 26 ਅਕਤੂਬਰ ਤੱਕ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਓਡੀਸ਼ਾ ਦਾ ਤਿੰਨ ਦਿਨਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਚੱਕਰਵਾਤ ਕਾਰਨ 23 ਤੋਂ 25 ਅਕਤੂਬਰ ਦਰਮਿਆਨ ਓਡੀਸ਼ਾ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।


ਸੈਲਾਨੀਆਂ ਨੂੰ ਪੁਰੀ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ 


ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ 10 ਤੱਟਵਰਤੀ ਜ਼ਿਲ੍ਹਿਆਂ ਵਿੱਚ ODRAF ਦੀਆਂ 17 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੈਲਾਨੀਆਂ ਨੂੰ 24-25 ਅਕਤੂਬਰ ਨੂੰ ਪੁਰੀ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।


ਭਾਰੀ ਮੀਂਹ ਦੀ ਆਸ਼ੰਕਾ


ਚੱਕਰਵਾਤ ਦੌਰਾਨ ਨਗਰ ਨਿਗਮ ਦਾ ਕੰਟਰੋਲ ਰੂਮ 24 ਘੰਟੇ ਚੱਲੇਗਾ। ਸਾਵਧਾਨੀ ਲਈ 250 ਰਾਹਤ ਕੇਂਦਰ ਅਤੇ 500 ਵਾਧੂ ਰਾਹਤ ਕੇਂਦਰ ਬਣਾਏ ਗਏ ਹਨ। ਭੁਵਨੇਸ਼ਵਰ ਮੌਸਮ ਵਿਭਾਗ ਦੇ ਨਿਰਦੇਸ਼ਕ ਮਨੋਰਮਾ ਮਹਾਪਾਤਰਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਚੱਕਰਵਾਤ ਬੁੱਧਵਾਰ ਨੂੰ ਸਭ ਤੋਂ ਵੱਧ ਐਕਟਿਵ ਹੋ ਜਾਵੇਗਾ। ਇਸ ਕਾਰਨ ਬੰਗਾਲ ਅਤੇ ਉੜੀਸਾ ਵਿੱਚ ਭਾਰੀ ਮੀਂਹ ਪੈ ਸਕਦਾ ਹੈ।



ਮੌਸਮ ਵਿਭਾਗ ਅਨੁਸਾਰ 24 ਅਤੇ 25 ਅਕਤੂਬਰ ਨੂੰ ਬੰਗਾਲ ਦੇ ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ, ਦੱਖਣੀ 24 ਪਰਗਨਾ ਅਤੇ ਝਾੜਗ੍ਰਾਮ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਅਤੇ ਇੱਕ-ਦੋ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਕੋਲਕਾਤਾ, ਹਾਵੜਾ, ਹੁਗਲੀ, ਉੱਤਰੀ 24 ਪਰਗਨਾ, ਪੁਰੂਲੀਆ ਅਤੇ ਬਾਂਕੁੜਾ ਜ਼ਿਲ੍ਹਿਆਂ ਵਿੱਚ 24 ਅਤੇ 25 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


178 ਟਰੇਨਾਂ ਕੀਤੀਆਂ ਰੱਦ


ਇਸ ਚੱਕਰਵਾਤ ਕਾਰਨ ਓਡੀਸ਼ਾ ਤੋਂ ਲੰਘਣ ਵਾਲੀਆਂ 178 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਿੱਚ ਹਾਵੜਾ-ਸਿਕੰਦਰਾਬਾਦ, ਸ਼ਾਲੀਮਾਰ-ਪੁਰੀ ਸੁਪਰਫਾਸਟ, ਨਵੀਂ ਦਿੱਲੀ-ਭੁਵਨੇਸ਼ਵਰ, ਹਾਵੜਾ-ਭੁਵਨੇਸ਼ਵਰ, ਹਾਵੜਾ-ਪੁਰੀ ਸੁਪਰਫਾਸਟ, ਨਵੀਂ ਦਿੱਲੀ-ਪੁਰੀ, ਖੜਗਪੁਰ-ਖੁਰਦਾ, ਸੰਬਲਪੁਰ-ਪੁਰੀ ਐਕਸਪ੍ਰੈਸ ਟਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੁਰੀ-ਹਾਵੜਾ ਰੂਟ 'ਤੇ ਟਰੇਨਾਂ ਦਾ ਸੰਚਾਲਨ 25 ਅਕਤੂਬਰ ਤੱਕ ਰੋਕ ਦਿੱਤਾ ਗਿਆ ਹੈ।