ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹਮਾਇਤੀਆਂ ਤੇ ਵਿਰੋਧੀਆਂ ਦਰਮਿਆਨ ਹੋਈ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਹੈ। ਇਸ ਹਿੰਸਾ ਵਿੱਚ ਦਿੱਲੀ ਪੁਲਿਸ ਦਾ ਹੈੱਡ ਕਾਂਸਟੇਬਲ ਰਤਨ ਲਾਲ ਵੀ ਸ਼ਹੀਦ ਹੋ ਗਿਆ। ਹਿੰਸਾ ਵਿੱਚ 70 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉੱਤਰ-ਪੂਰਬੀ ਦਿੱਲੀ ਵਿੱਚ ਅੱਜ ਸਵੇਰੇ ਤੋਂ ਹਿੰਸਾ ਤੇ ਪੱਥਰਬਾਜ਼ੀ ਦੀਆਂ ਕਈ ਘਟਨਾਵਾਂ ਜਾਰੀ ਹਨ।


ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਇਸ ਸਮੇਂ ਜੀਟੀਬੀ ਹਸਪਤਾਲ ਪਹੁੰਚੇ ਹੋਏ ਹਨ। ਕੇਜਰੀਵਾਲ ਤੇ ਸਿਸੋਦੀਆ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਹੋਈ ਹਿੰਸਾ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ।


ਮੌਜਪੁਰ, ਬਾਬਰਪੁਰ, ਜਾਫ਼ਰਾਬਾਦ, ਗੋਕੁਲਪੁਰੀ, ਬ੍ਰਿਜਪੁਰੀ ਸਮੇਤ ਕਈ ਇਲਾਕਿਆਂ ਵਿੱਚ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਕਈ ਖੇਤਰਾਂ ਵਿੱਚ ਆਪਸੀ ਟਕਰਾਅ ਤੇ ਇੱਕ ਦੂਜੇ ਉੱਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ। ਤਕਰੀਬਨ ਤੀਹ ਸਾਲਾਂ ਬਾਅਦ ਦਿੱਲੀ ਵਿੱਚ ਇੰਨੀ ਵੱਡੀ ਹਿੰਸਾ ਹੋਈ ਹੈ।

ਕਾਂਸਟੇਬਲ ਰਤਨ ਲਾਲ ਦੇ ਕੱਲ੍ਹ ਗੋਕੁਲਪੁਰੀ ਵਿੱਚ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਪੂਰੇ ਰਾਜ ਦੇ ਸਨਮਾਨਾਂ ਨਾਲ ਆਖਰੀ ਸਲਾਮ ਦਿੱਤਾ ਗਿਆ। ਉਸਦੇ ਅੰਤਿਮ ਸੰਸਕਾਰ ਸਮੇਂ ਸੈਂਕੜੇ ਲੋਕ ਸ਼ਰਧਾਂਜਲੀ ਦੇਣ ਪਾਹੁੰਚੇ।