ਨਵੀਂ ਦਿੱਲੀ: ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਦੇ ਕਾਰਨ ਜੁਲਾਈ ਵਿੱਚ ਲਗਾਤਾਰ ਦੂਜੇ ਮਹੀਨੇ ਥੋਕ ਮੁੱਲ ਸੂਚਕ ਅੰਕ ਦੇ ਆਧਾਰ ਤੇ ਮਹਿੰਗਾਈ ਘਟ ਕੇ 11.16 ਪ੍ਰਤੀਸ਼ਤ ਰਹਿ ਗਈ। ਭਾਵੇਂ, ਇਸ ਦੌਰਾਨ ਮੈਨੂਫ਼ੈਕਚਰਡ ਸਾਮਾਨ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਵਣਜ ਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।

 

ਜੁਲਾਈ ਵਿੱਚ ਲਗਾਤਾਰ ਤੀਜੇ ਮਹੀਨੇ, ਥੋਕ ਮੁੱਲ ਸੂਚਕ ਅੰਕ ਉੱਤੇ ਅਧਾਰਤ ਮਹਿੰਗਾਈ ਪਿਛਲੇ ਸਾਲ ਦੇ ਘੱਟ ਅਧਾਰ ਪ੍ਰਭਾਵ ਕਾਰਨ ਦੋ ਅੰਕਾਂ ਜਾਂ 10 ਪ੍ਰਤੀਸ਼ਤ ਤੱਕ ਉੱਚੀ ਰਹੀ। “ਜੁਲਾਈ, 2021 ਵਿੱਚ ਮਹਿੰਗਾਈ ਦੀ ਉੱਚ ਦਰ ਦਾ ਕਾਰਣ ਘੱਟ ਅਧਾਰ ਪ੍ਰਭਾਵ ਅਤੇ ਕੱਚੇ ਤੇਲ ਤੇ ਕੁਦਰਤੀ ਗੈਸ ਸੀ; ਨਿਰਮਿਤ ਉਤਪਾਦਾਂ ਜਿਵੇਂ ਕਿ ਮੂਲ ਧਾਤਾਂ, ਭੋਜਨ ਉਤਪਾਦਾਂ, ਲਿਬਾਸ, ਰਸਾਇਣਾਂ ਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

 

ਜੁਲਾਈ 'ਚ ਲਗਾਤਾਰ ਤੀਜੇ ਮਹੀਨੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਕਮੀ ਆਈ ਹੈ। ਜੁਲਾਈ ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ 'ਜ਼ੀਰੋ ''ਤੇ ਸੀ। ਜੂਨ ਵਿੱਚ ਇਹ 3.09 ਫੀਸਦੀ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਪਿਆਜ਼ ਮਹਿੰਗਾ ਹੋ ਗਿਆ। ਪਿਆਜ਼ ਦੀ ਮਹਿੰਗਾਈ 72.01 ਫੀਸਦੀ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ।

 

ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀ ਮਹਿੰਗਾਈ ਜੁਲਾਈ ਵਿੱਚ 40.28 ਫੀ ਸਦੀ ਰਹੀ, ਜੋ ਜੂਨ ਵਿੱਚ 36.34 ਫੀ ਸਦੀ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਜੁਲਾਈ ਵਿੱਚ 11.20 ਫੀਸਦੀ ਰਹੀ, ਜੋ ਜੂਨ ਵਿੱਚ 10.88 ਫੀਸਦੀ ਸੀ।

 

ਰਿਜ਼ਰਵ ਬੈਂਕ ਨੇ ਆਪਣੀ ਪਿਛਲੀ ਮੁਦਰਾ ਸਮੀਖਿਆ ਵਿੱਚ ਨੀਤੀਗਤ ਦਰਾਂ ਨੂੰ ਰਿਕਾਰਡ ਹੇਠਲੇ ਪੱਧਰ ਤੇ ਰੱਖਿਆ ਹੈ। ਮੁਦਰਾ ਸਮੀਖਿਆ ਦਾ ਫੈਸਲਾ ਕਰਦੇ ਸਮੇਂ, ਕੇਂਦਰੀ ਬੈਂਕ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਾ ਹੈ। ਪਿਛਲੇ ਹਫਤੇ ਜਾਰੀ ਅੰਕੜਿਆਂ ਦੇ ਅਨੁਸਾਰ, ਜੁਲਾਈ ਵਿੱਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 5.59 ਪ੍ਰਤੀਸ਼ਤ ਹੋ ਗਈ ਸੀ।