ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀਆਂ ਨਾਲ ਜੋੜੇ ਜਾਣ 'ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਖਤ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ," ਮੈਂ ਕਿਸੇ ਵੀ ਸੂਰਤ 'ਚ ਆਪਣੇ ਸਿੱਖ ਭਰਾਵਾਂ ਨੂੰ ਖਾਲਿਸਤਾਨੀ ਕਹੇ ਜਾਣਾ ਬਰਦਾਸ਼ਤ ਨਹੀਂ ਕਰਾਂਗਾ।"


ਰਾਜਨਾਥ ਸਿੰਘ ਨੇ ਕਿਹਾ, "ਮੈਂ ਉਨ੍ਹਾਂ ਨੂੰ ਵੱਡਾ ਭਰਾ ਮੰਨਦਾ ਹਾਂ। ਹਿੰਦੂ ਪਰਿਵਾਰਾਂ 'ਚ ਹੀ ਜੋ ਵੱਡਾ ਬੇਟਾ ਹੁੰਦਾ ਸੀ, ਉਹੀ ਖਾਲਸਾ ਪੰਥ ਧਾਰਨ ਕਰਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੱਭਿਆਚਾਰ ਬਚਾਉਣ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਭਾਰਤ ਕਦੇ ਨਹੀਂ ਭੁੱਲ ਸਕਦਾ। ਮੇਰੇ ਅੰਦਰ ਸਿੱਖ ਸਮਾਜ ਲਈ ਬਹੁਤ ਸਤਿਕਾਰ ਹੈ।"

ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹਜ਼ਾਰਾਂ ਟਰੈਕਟਰਾਂ ਦੀ ਰੈਲੀ ਦੇ ਸਵਾਲ ਉੱਤੇ ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਕਿਸਾਨ ਭਰਾ ਇਸ ਸਮੱਸਿਆ ਦਾ ਸੋਚ-ਸਮਝ ਕੇ ਕੋਈ ਹੱਲ ਕੱਢ ਲੈਣਗੇ। ਉਹ ਕਿਸੇ ਵੀ ਕੀਮਤ ‘ਤੇ ਗਣਤੰਤਰ ਦਿਵਸ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।"