ਨਵੀਂ ਦਿੱਲੀ: ਸ਼ੱਕੀ ਹਾਲਾਤਾਂ 'ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਲਾਸ਼ਾਂ ਮਿਲਣ ਕਾਰਨ ਦਿੱਲੀ ਦੇ ਭਜਨਪੁਰਾ ਖੇਤਰ ਵਿਚ ਸਨਸਨੀ ਫੈਲ ਗਈ। ਸ਼ੰਭੂਨਾਥ (43) ਜੋ ਆਪਣੀ ਪਤਨੀ ਸੁਨੀਤਾ ਅਤੇ 3 ਬੱਚਿਆਂ ਕੋਮਲ (12), ਸ਼ਿਵਮ (17) ਅਤੇ ਸਚਿਨ (15) ਦੇ ਨਾਲ ਸੀ ਬਲਾਕ ਦੇ ਇੱਕ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਅੱਜ ਦੁਪਹਿਰ ਕਰੀਬ 11:30 ਵਜੇ, ਜਦੋਂ ਲੋਕਾਂ ਨੂੰ ਘਰੋਂ ਬਦਬੂ ਆਈ ਤਾਂ ਇਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਹੈਰਾਨੀ ਦੀ ਗੱਲ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਸੀ। ਪੁਲਿਸ ਤਾਲਾ ਤੋੜ ਘਰ ਵਿਚ ਦਾਖਲ ਹੋਈ ਅਤੇ ਘਰ ਦੇ ਅੰਦਰ ਵੇਖ ਹੈਰਾਨ ਰਹਿ ਗਈ।

ਇੱਕ ਕਮਰੇ 'ਚ ਸ਼ੰਭੂਨਾਥ ਅਤੇ ਉਸ ਦੀ ਪਤਨੀ ਦੀ ਲਾਸ਼ ਮਿਲੀ ਸੀ, ਜਦਕਿ ਦੂਜੇ ਕਮਰੇ 'ਚ ਤਿੰਨਾਂ ਬੱਚਿਆਂ ਦੀ ਲਾਸ਼ਾਂ ਮਿਲੀਆਂ। ਲਾਸ਼ਾਂ ਗਲੀ-ਸੜੀ ਹਾਲਤ 'ਚ ਸੀ। ਪੁਲਿਸ ਨੂੰ ਇੰਜ ਜਾਪਦਾ ਹੈ ਕਿ ਲਗਪਗ 3 ਤੋਂ 4 ਦਿਨ ਪਹਿਲਾਂ ਇਨ੍ਹਾਂ ਦੀ ਮੌਤ ਹੋ ਗਈ ਸੀ। ਘਰ ਖਿਲਰਿਆ ਹੋਇਆ ਨਹੀਂ ਸੀ। ਫੌਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਮੌਤ ਦਾ ਕਾਰਨ ਕੀ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।

ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਸਾਰੇ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਵਿਅਕਤੀ ਨੇ ਆ ਕੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਮਾਰਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੇ ਪਹਿਲਾਂ ਬਾਕੀ ਲੋਕਾਂ ਨੂੰ ਮਾਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਘਰ ਵਿਚ ਕਿਤੇ ਵੀ ਜ਼ਬਰਦਸਤੀ ਨਾਲ ਦਾਖਲ ਹੋਣ ਦਾ ਨਿਸ਼ਾਨ ਨਹੀਂ ਹੈਹਾਲਾਂਕਿ ਕਮਰਿਆਂ ਦੀ ਕੁੰਡੀ ਖੋਲ੍ਹੀ ਸੀ। ਫਿਲਹਾਲ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।