ਨਵੀਂ ਦਿੱਲੀ: ਕਰੀਬ 24 ਘੰਟਿਆਂ ਤਕ ਚੱਲੇ ਹਾਈ ਵੋਲਟੇਜ਼ ਡ੍ਰਾਮੇ ਮਗਰੋਂ ਦਿੱਲੀ ਪੁਲਿਸ ਨੇ ਹਰੀਨਗਰ ਦੇ ਹੋਟਲ ਦੀ ਛੱਤ ‘ਤੇ ਚੜ੍ਹੇ ਸੰਦੀਪ ਉਰਫ ਅਰਮਾਨ ਮਲਿਕ ਨੂੰ ਸਮਝਾ ਕੇ ਛੱਤ ਤੋਂ ਹੇਠਾਂ ਲਾਹ ਲਿਆ। ਸੰਦੀਪ ਹੋਟਲ ਸਿਗਨੇਚਰ ਦੀ ਛੱਤ ‘ਤੇ ਚੜ੍ਹ ਖੁਸਕੁਸ਼ੀ ਦੀ ਧਮਕੀ ਦੇ ਰਿਹਾ ਸੀ। ਪੁਲਿਸ ਮੁਤਾਬਕ ਸੰਦੀਪ ਐਤਵਾਰ ਦੁਪਹਿਰ ਆਪਣੀ ਪਤਨੀ ਕ੍ਰਿਤਕਾ ਬਸੇਰਾ ਨਾਲ ਅਹਿਮਦਾਬਾਦ ਤੋਂ ਦਿੱਲੀ ਆ ਕੇ ਹੋਟਲ ਪਹੁੰਚਿਆ ਸੀ।


ਕ੍ਰਿਤਕਾ, ਸੰਦੀਪ ਦੀ ਦੂਜੀ ਪਤਨੀ ਹੈ ਜਿਨ੍ਹਾਂ ਦਾ ਵਿਆਹ ਇਸੇ ਹੋਟਲ ‘ਚ ਹੋਇਆ ਸੀ। ਪੁਲਿਸ ਮੁਤਾਬਕ ਦੋਵਾਂ ‘ਚ ਝਗੜਾ ਹੋਇਆ ਸੀ ਤੇ ਫੇਰ ਅਰਮਾਨ ਹੋਟਲ ਦੀ ਛੇਂਵੀ ਮੰਜ਼ਲ ਤੋਂ ਬਾਲਕਨੀ ‘ਚ ਲਟਕ ਗਿਆ ਤੇ ਬਾਅਦ ‘ਚ ਛੱਤ ਤੋਂ ਕੁੱਦਣ ਦੀ ਧਮਕੀ ਦੇਣ ਲੱਗਿਆ।

ਸੰਦੀਪ ਖਿਲਾਫ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ‘ਚ ਨੌਕਰਾਣੀ ਨਾਲ ਕੁੱਟਮਾਰ ਤੇ ਛੇੜਛਾੜ ਦਾ ਕੇਸ ਦਰਜ ਹੈ। ਇਸ ਮਾਮਲੇ ‘ਚ ਪੁਲਿਸ ਸੰਦੀਪ ਦੀ ਭਾਲ ਵੀ ਕਰ ਰਹੀ ਸੀ। ਉਸ ਨੇ ਆਪਣੇ ਖਿਲਾਫ ਇਸੇ ਕੇਸ ਕਰਕੇ ਇਹ ਸਾਰਾ ਡ੍ਰਾਮਾ ਕੀਤਾ ਹੈ। ਉਸ ਦਾ ਇਲਜ਼ਾਮ ਹੈ ਕਿ ਹੋਟਲ ਦੀ ਛੱਤ ‘ਤੇ ਚੜ੍ਹਨ ਦਾ ਵੀਡੀਓ ਵੀ ਉਸ ਨੇ ਟਿੱਕ-ਟੌਕ ‘ਤੇ ਸ਼ੇਅਰ ਕੀਤਾ ਸੀ, ਜਿਸ ਉਹ ਖੁਦ ਨੂੰ ਫਸਾਏ ਜਾਣ ਦੀ ਗੱਲ ਕਹਿ ਕੇ ਇਸ ਕੇਸ ਨੂੰ ਵਾਪਸ ਲੈਣ ਲਈ ਕਹਿਣਾ ਚਾਹੁੰਦਾ ਸੀ।

ਹੋਟਲ ਦੀ ਛੱਤ ਤੋਂ ਉੱਤਰਨ ਤੋਂ ਬਾਅਦ ਨਿਹਾਲ ਵਿਹਾਰ ਥਾਣਾ ਪੁਲਿਸ ਨੇ ਅਰਮਾਨ ਮਲਿਕ ਨੂੰ ਹਿਰਾਸਤ ‘ਚ ਲੈ ਲਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰਾ ਡ੍ਰਾਮਾ ਮਾਮਲੇ ਨੂੰ ਦਬਾਉਣ ਲਈ ਕੀਤਾ ਗਿਆ ਸੀ ਪਰ ਕਾਨੂੰਨ ਆਪਣਾ ਕੰਮ ਕਰਦਾ ਹੈ ਤੇ ਹੁਣ ਜਲਦੀ ਹੀ ਅਰਮਾਨ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।