ਨਵੀਂ ਦਿੱਲੀ: ਸੀਬੀਆਈ ਦੀ ਸਪੈਸ਼ਲ ਕੋਰਟ ਨੇ ਰਾਬਰਟ ਵਾਡਰਾ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਵਾਡਰਾ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰਟ ਨੇ ਉਨ੍ਹਾਂ ਨੂੰ 6 ਹਫਤੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਹੈ। ਵਾਡਰਾ ਨੇ ਆਪਣੇ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਮੰਗੀ ਸੀ।
ਇਸ ਤੋਂ ਪਹਿਲਾਂ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਸੀ ਤੇ ਫੈਸਲਾ ਅੱਜ ਤੱਕ ਲਈ ਸੁਰੱਖਿਅਤ ਰੱਖ ਲਿਆ ਸੀ। ਪਿਛਲੀ ਸੁਣਵਾਈ ਦੌਰਾਨ ਵਾਡਰਾ ਦੇ ਵਕੀਲ ਕੇਟੀਐਸ ਤੁਲਸੀ ਨੇ ਸੁਪਰੀਮ ਕੋਰਟ ਦੇ ਪੁਰਾਣੇ ਕੇਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਦੀ ਗੁਜਾਰਸ਼ ਕੀਤੀ ਸੀ।
ਤੁਲਸੀ ਦਾ ਕਹਿਣਾ ਹੈ ਕਿ ਵਾਡਰਾ ਹਮੇਸ਼ਾ ਜਾਂਚ ‘ਚ ਸਹਿਯੋਗ ਕਰਦੇ ਰਹੇ ਹਨ। ਈਡੀ ਦੀ ਕਾਰਵਾਈ ਦੀ ਜਾਣਕਾਰੀ ਮਿਲਣ ‘ਤੇ ਉਹ ਬਿਨਾ ਕਿਸੇ ਨੋਟਿਸ ਦੇ ਭਾਰਤ ਵਾਪਸ ਆਏ ਤੇ ਈਡੀ ਸਾਹਮਣੇ ਪੇਸ਼ ਹੋਏ। ਹੁਣ ਈਡੀ ਨੂੰ ਵਾਡਰਾ ਦੇ ਭੱਜਣ ਬਾਰੇ ਸੋਚਣਾ ਨਹੀਂ ਚਾਹੀਦਾ। ਮਿਲੀ ਜਾਣਕਾਰੀ ਮੁਤਾਬਕ ਰੋਬਰਟ ਵਾਡਰਾ ਦੀ ਵੱਡੀ ਆਂਤੜੀ ‘ਚ ਟਿਊਮਰ ਹੈ। ਇਸ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲੀ ਹੈ।