‘ਪੰਜਾਬ ਮੇਲ’ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਲੰਮੇ ਰੂਟ ਵਾਲੀਆਂ ਰੇਲ ਗੱਡੀਆਂ ’ਚ ਸ਼ੁਮਾਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਨੀਲ ਉਦਾਸੀ ਨੇ ਦੱਸਿਆ ਕਿ ਪਹਿਲੀ ਜੂਨ 1912 ਨੂੰ ਮੁੰਬਈ ਤੋਂ ਸ਼ੁਰੂ ਹੋਈ ਪੰਜਾਬ ਮੇਲ ਜਾਂ ਪੰਜਾਬ ਲਿਮਟਡ ਪਾਕਿਸਤਾਨ ਦੇ ਪਿਸ਼ਾਵਰ ਤਕ 2,496 ਕਿਲੋਮੀਟਰ ਦੀ ਦੂਰੀ 47 ਘੰਟਿਆਂ ’ਚ ਪੂਰੀ ਕਰਦੀ ਸੀ। ਦੇਸ਼ ਵੰਡ ਤੋਂ ਬਾਅਦ ਇਹ ਰੇਲ ਗੱਡੀ ਫ਼ਿਰੋਜ਼ਪੁਰ ਛਾਉਣੀ ਤਕ ਚੱਲਦੀ ਹੈ ਅਤੇ 1,930 ਕਿਲੋਮੀਟਰ ਦੀ ਦੂਰੀ ਸਵਾ 34 ਘੰਟਿਆਂ ’ਚ ਤੈਅ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਵਿਸ਼ੇਸ਼ ਤੌਰ ’ਤੇ ਅੰਗਰੇਜ਼ ਅਫਸਰਾਂ ਲਈ ਚਲਾਈ ਗਈ ਸੀ। ਸੰਨ 1945 ’ਚ ਰੇਲ ਗੱਡੀ ਨਾਲ ਤੀਜਾ ਦਰਜਾ ਅਤੇ 1945 ਵਿੱਚ ਏਸੀ ਡੱਬੇ ਵੀ ਜੋੜੇ ਗਏ ਸੀ। ਭਾਰਤ ਵਿੱਚ ਬਰਤਾਨਵੀ ਹਕੂਮਤ ਦੌਰਾਨ ਵੀ ਪੰਜਾਬ ਮੇਲ ਸਭ ਤੋਂ ਤੇਜ਼ ਚੱਲਣ ਵਾਲੀ ਰੇਲ ਗੱਡੀ ਸੀ। ਇਸੇ ਤਰ੍ਹਾਂ 1 ਜੂਨ 1930 ਨੂੰ ਗਰੇਟ ਇੰਡੀਅਨ ਪੈਨਿਨਸੁਲਾ ਰੇਲਵੇ ਵੱਲੋਂ ਦੱਖਣ ਕੁਈਨ ਸ਼ੁਰੂ ਕੀਤੀ ਗਈ ਤੇ ਦੇਸ਼ ਦੇ ਦੋ ਮਹੱਤਵਪੂਰਨ ਸ਼ਹਿਰਾਂ ਮੁੰਬਈ ਤੇ ਪੁਣੇ ਨੂੰ ਜੋੜਦੀ ਹੈ।